ਪੰਜਾਬ ‘ਚ ਮੌਸਮ ਨੂੰ ਲੈ ਕੇ IMD ਨੇ ਜਾਰੀ ਕੀਤਾ ਅਲਰਟ

by nripost

ਜਲੰਧਰ (ਰਾਘਵ): ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਵਿਚ ਤਬਦੀਲੀ ਆਵੇਗੀ, ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ ਅੱਜ ਤੋਂ ਸੂਬੇ ਵਿਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ 16, 18, 19 ਅਤੇ 20 ਅਪ੍ਰੈਲ ਨੂੰ ਸੂਬੇ ਵਿਚ ਕਈ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ 18 ਅਤੇ 19 ਅਪ੍ਰੈਲ ਨੂੰ ਕਈ ਜ਼ਿਲ੍ਹਿਆਂ ਵਿਚ ਤੇਜ਼ ਹਨੇਰੀ ਦੇ ਨਾਲ ਬਾਰਿਸ਼ ਨੂੰ ਲੈ ਕੇ 'ਯੈਲੋ ਅਲਰਟ' ਵੀ ਜਾਰੀ ਕੀਤਾ ਗਿਆ ਹੈ। 4 ਦਿਨ ਬਾਅਦ ਤਾਪਮਾਨ 'ਚ ਥੋੜ੍ਹੀ ਗਿਰਾਵਟ ਦਰਜ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ।

ਭਾਰਤੀ ਮੌਸਮ ਵਿਭਾਗ ਕੇਂਦਰ ਮੁਤਾਬਕ ਅੱਜ ਤੋਂ ਨਵਾਂ ਪੱਛਮੀ ਪ੍ਰਭਾਅ ਸਰਗਰਮ ਹੋਣ ਜਾ ਰਿਹਾ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੀ ਹੋਵੇਗਾ। ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਐੱਸ. ਏ. ਐੱਸ. ਨਗਰ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਵੱਲੋਂ 18 ਅਤੇ 19 ਅਪ੍ਰੈਲ ਨੂੰ ਸੂਬੇ ਦੇ 6 ਜ਼ਿਲ੍ਹਿਆਂ ਲਈ ਮੀਂਹ-ਹਨੇਰੀ ਦਾ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਰੂਪਨਗਰ, ਐੱਸ. ਏ. ਐੱਸ. ਨਗਰ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤੇਜ਼ ਹਨ੍ਹੇਰੀ ਦੇ ਨਾਲ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿਚ ਹਲਕਾ ਵਾਧਾ ਹੋਇਆ ਹੈ। ਇਹ ਸੂਬੇ ਦੇ ਆਮ ਤਾਪਮਾਨ ਨਾਲੋਂ 2 ਡਿਗਰੀ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ ਦਰਜ ਕੀਤਾ ਗਿਆ, ਜਿੱਥੇ ਪਾਰਾ 41.2 ਡਿਗਰੀ 'ਤੇ ਪਹੁੰਚ ਗਿਆ ਹੈ। ਦੂਜੇ ਪਾਸੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ ਵਿਚ 20 ਡਿਗਰੀ ਦੇ ਕਰੀਬ ਹੀ ਚੱਲ ਰਿਹਾ ਹੈ। ਵਿਭਾਗ ਮੁਤਾਬਕ ਅਗਲੇ 4 ਦਿਨਾਂ ਵਿਚ ਤਾਪਮਾਨ ਵਿਚ 2 ਤੋਂ 4 ਡਿਗਰੀ ਤਕ ਵਾਧਾ ਹੋਵੇਗਾ, ਪਰ ਉਸ ਮਗਰੋਂ ਤਾਪਮਾਨ ਵਿਚ 2 ਤੋਂ 4 ਡਿਗਰੀ ਦੀ ਹੀ ਗਿਰਾਵਟ ਵੀ ਆਵੇਗੀ।