ਚੰਡੀਗ੍ਹੜ (ਸਾਹਿਬ) - ਭਾਰਤੀ ਮੌਸਮ ਵਿਭਾਗ ਨੇ ਦਿੱਲੀ ਸਮੇਤ ਵੱਖ-ਵੱਖ ਥਾਵਾਂ ਉਤੇ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਗੁਜਰਾਤ ਵਿੱਚ 27 ਅਗਸਤ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿਚ ਵੀ ਅਗਲੇ 24 ਘੰਟਿਆਂ ਦੌਰਾਨ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ।
ਦੱਸ ਦਈਏ ਕਿ ਰਾਜਸਥਾਨ ‘ਚ ਐਤਵਾਰ ਨੂੰ ਰਾਜਸਮੰਦ, ਪ੍ਰਤਾਪਗੜ੍ਹ, ਅਜਮੇਰ, ਭੀਲਵਾੜਾ, ਧੌਲਪੁਰ ਅਤੇ ਕੋਟਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਅੱਜ ਫਿਰ ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬੇਹੱਦ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਅੱਜ ਬਾਂਸਵਾੜਾ, ਡੂੰਗਰਪੁਰ, ਸਿਰੋਹੀ, ਉਦੈਪੁਰ ਅਤੇ ਜਲੌਰ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਚਿਤੌੜਗੜ੍ਹ, ਪ੍ਰਤਾਪਗੜ੍ਹ, ਰਾਜਸਮੰਦ, ਬਾੜਮੇਰ ਅਤੇ ਪਾਲੀ ਵਿੱਚ ਬਹੁਤ ਭਾਰੀ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।
ਓਥੇ ਹੀ ਸਕਾਈਮੇਟ ਵੈਦਰ ਦੇ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਦੱਖਣੀ ਅਤੇ ਮੱਧ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਉੱਤਰੀ ਕੋਂਕਣ ਅਤੇ ਗੋਆ, ਉੱਤਰੀ ਮੱਧ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਕੋਂਕਣ ਅਤੇ ਗੋਆ, ਤੱਟਵਰਤੀ ਕਰਨਾਟਕ, ਗੰਗਾ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਵਿਦਰਭ ਵਿੱਚ ਇੱਕ ਜਾਂ ਦੋ ਥਾਂ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।