ਚੰਡੀਗੜ੍ਹ (ਰਾਘਵ): ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਪਹਾੜਾਂ 'ਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ 'ਚ ਮੀਂਹ ਕਾਰਨ ਮੌਸਮ 'ਚ ਬਦਲਾਅ ਆ ਰਿਹਾ ਹੈ ਅਤੇ ਤਾਪਮਾਨ 'ਚ ਲਗਾਤਾਰ ਗਿਰਾਵਟ ਵੀ ਦੇਖੀ ਜਾ ਰਹੀ ਹੈ।ਉੱਤਰੀ ਭਾਰਤ ਦੇ ਸਾਰੇ ਰਾਜ ਜਿਵੇਂ ਮੱਧ ਪ੍ਰਦੇਸ਼, ਰਾਜਸਥਾਨ, ਯੂ.ਪੀ.-ਬਿਹਾਰ, ਦਿੱਲੀ-ਐਨ.ਸੀ.ਆਰ ਅਤੇ ਹਰਿਆਣਾ-ਪੰਜਾਬ ਲਗਭਗ ਇੱਕ ਮਹੀਨੇ ਤੋਂ ਕੜਾਕੇ ਦੀ ਠੰਡ 'ਚ ਕੈਦ ਹਨ। ਖਾਸ ਤੌਰ ‘ਤੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਅਤੇ ਮੇਘਾਲਿਆ ਦੇ ਕੁਝ ਹਿੱਸਿਆਂ ‘ਚ ਸੈਲਾਨੀ ਲਗਾਤਾਰ ਬਰਫਬਾਰੀ ਦਾ ਆਨੰਦ ਲੈ ਰਹੇ ਹਨ ਪਰ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਜਾਣ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਪੈ ਰਿਹਾ ਹੈ। ਇਸ ਕਾਰਨ ਸੀਤ ਲਹਿਰ ਦੇ ਨਾਲ-ਨਾਲ ਕੋਲਡ ਡੇਅ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਕਿ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇੱਕ ਡਿਗਰੀ ਵੱਧ ਸੀ ਅਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਠਾਨਕੋਟ ਵਿੱਚ ਘੱਟੋ-ਘੱਟ ਤਾਪਮਾਨ 6.5 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ 6 ਡਿਗਰੀ, ਗੁਰਦਾਸਪੁਰ ਵਿੱਚ 5.7 ਡਿਗਰੀ ਅਤੇ ਬਠਿੰਡਾ ਵਿੱਚ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ।
IMD ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ‘ਚ ਅਗਲੇ 5 ਦਿਨਾਂ ਤੱਕ ਬਰਫਬਾਰੀ ਹੋਵੇਗੀ। ਇੱਥੇ, ਮੈਦਾਨੀ ਖੇਤਰਾਂ 'ਚ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਠੰਡੀ ਹਵਾਵਾਂ ਦੇ ਨਾਲ-ਨਾਲ ਥੋੜਾ-ਬਹੁਤ ਮੀਂਹ ਵੀ ਪਵੇਗਾ। ਦੂਜੇ ਪਾਸੇ ਦੱਖਣੀ ਭਾਰਤ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਮਿਲਨਾਡੂ ‘ਚ 19 ਜਨਵਰੀ ਤੱਕ ਗਰਜ ਨਾਲ ਮੀਂਹ ਪੈਣ ਦਾ ਅਲਰਟ ਹੈ।ਕੁਝ ਥਾਵਾਂ ‘ਤੇ ਗੜੇਮਾਰੀ ਵੀ ਮੁਸੀਬਤ ਪੈਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਰੇਲ, ਹਵਾਈ ਅਤੇ ਸੜਕੀ ਆਵਾਜਾਈ ‘ਤੇ ਮਾੜਾ ਅਸਰ ਪੈ ਰਿਹਾ ਹੈ। ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।