ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਹਾਰ ਮੰਨਣਾ ਬੇਹੱਦ ਮੁਸ਼ਕਲ ਹੈ। ਜੇਕਰ ਇਲੈਕਟੋਰਲ ਕਾਲਜ ਵੋਟ ਵਿਚ ਜੋਅ ਬਾਇਡਨ ਜੇਤੂ ਐਲਾਨੇ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੋਟਿੰਗ ਵਿਚ ਗੜਬੜੀ ਦੇ ਨਿਰਾਧਾਰ ਦੋਸ਼ਾਂ ਨੂੰ ਮੁੜ ਦੁਹਰਾਇਆ ਹੈ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਟਰੰਪ ਨੇ ਹੁਣ ਤਕ ਬਾਇਡਨ ਦੇ ਹੱਥੋਂ ਆਪਣੀ ਹਾਰ ਨਹੀਂ ਮੰਨੀ ਹੈ।
ਦੱਸ ਦਈਏ ਕਿ ਟਰੰਪ ਨੇ ਵੀਰਵਾਰ ਨੂੰ ਥੈਂਕਸਗਿਵਿੰਗ ਡੇ ਮੌਕੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਇਲੈਕਟੋਰਲ ਵੋਟ ਵਿਚ ਬਾਇਡਨ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਗ਼ਲਤੀ ਹੋਵੇਗੀ। ਹਾਰ ਸਵੀਕਾਰ ਕਰਨਾ ਬੇਹੱਦ ਕਠਿਨ ਕੰਮ ਹੈ। ਉਨ੍ਹਾਂ ਨੇ ਇਹ ਜਵਾਬ ਇਸ ਸਵਾਲ 'ਤੇ ਦਿੱਤਾ ਜਿਸ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਇਲੈਕਟੋਰਲ ਵੋਟ ਵਿਚ ਬਾਇਡਨ ਦੇ ਜਿੱਤਣ 'ਤੇ ਉਹ ਕੀ ਕਰਨਗੇ? ਵ੍ਹਾਈਟ ਹਾਊਸ ਛੱਡਣ ਦੇ ਸਵਾਲ 'ਤੇ ਟਰੰਪ ਨੇ ਕਿਹਾ ਕਿ ਯਕੀਨਨ ਮੈਂ ਛੱਡ ਦਿਆਂਗਾ।
ਤੁਸੀਂ ਇਹ ਜਾਣਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਨੂੰ ਲੈ ਕੇ ਫਿਰ ਦੋਸ਼ ਲਗਾਏ ਕਿ ਵੱਡੇ ਪੈਮਾਨੇ 'ਤੇ ਗੜਬੜੀ ਕੀਤੀ ਗਈ। ਟਰੰਪ ਨੇ ਕਿਹਾ ਕਿ ਇਸ ਚੋਣ ਵਿਚ ਇਸ ਤਰ੍ਹਾਂ ਦੀ ਗੜਬੜੀ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਹੈ। ਮੈਂ ਸਿਰਫ਼ ਇਕ ਗੱਲ ਜਾਣਦਾ ਹਾਂ ਕਿ ਬਾਇਡਨ ਨੂੰ ਅੱਠ ਕਰੋੜ ਵੋਟ ਨਹੀਂ ਮਿਲੇ।