ਚੰਡੀਗੜ੍ਹ (ਦੇਵ ਇੰਦਰਜੀਤ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਪੁੱਤਰ ਦੇ ਕੀਤੇ ਸਾਦਗੀ ਭਰੇ ਵਿਆਹ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਕੋਈ ਆਗੂ ਚੰਗਾ ਕੰਮ ਕਰਦਾ ਹੈ ਤਾਂ ਉਸ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪ੍ਰਸ਼ੰਸਾ ਕਰਨੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪੁੱਤਰ ਦੇ ਵਿਆਹ ਦੀਆਂ ਉਨ੍ਹਾਂ ਸੋਸ਼ਲ ਮੀਡੀਆ ’ਤੇ ਫੋਟੋਆਂ ਅਤੇ ਵੀਡੀਓ ਦੇਖੀਆਂ, ਜਿਸ ਵਿਚ ਉਹ ਪੰਗਤ ਵਿਚ ਬੈਠ ਕੇ ਬੜੇ ਸਾਦੇ ਢੰਗ ਨਾਲ ਲੰਗਰ ਛਕ ਰਹੇ ਹਨ ਜਿਸ ਦੀ ਸਾਰੇ ਹੀ ਬੁੱਧੀਜੀਵੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਚੰਗਾ ਲੱਗਿਆ ਕਿ ਸਾਡਾ ਮੁੱਖ ਮੰਤਰੀ ਇਕ ਆਮ ਵਿਅਕਤੀ ਬਣ ਕੇ ਜੀਵਨ ਬਤੀਤ ਕਰਦਾ ਹੈ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਕਈ ਲੋਕਾਂ ਵਲੋਂ ਬਿਆਨ ਦਿੱਤੇ ਗਏ ਕਿ ਦਲਿਤ ਚਿਹਰਾ ਅੱਗੇ ਆਇਆ ਜਦਕਿ ਜਾਤ ਕੋਈ ਉੱਚੀ ਨੀਵੀਂ ਨਹੀਂ ਬਲਕਿ ਸਾਨੂੰ ਸੋਚ ਉੱਚੀ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਅਜਿਹੇ ਹਨ ਜੋ ਕੁਰਸੀਆਂ ਦੇ ਹੰਕਾਰ ਵਿਚ ਦੱਬੇ ਹੋਏ ਹਨ ਅਤੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਜਿਸ ਦੀ ਮਿਸਾਲ ਪਿਛਲੇ ਦਿਨਾਂ ਵਿਚ ਕਿਸਾਨੀ ਸੰਘਰਸ਼ ਦੌਰਾਨ ਹੰਕਾਰੀ ਆਗੂਆਂ ਦੀਆਂ ਗੱਡੀਆਂ ਨੇ ਕਿਸਾਨਾਂ ਨੂੰ ਦਰੜ ਦਿੱਤਾ ਅਤੇ ਅਜਿਹੇ ਉੱਚੀਆਂ ਜਾਤਾਂ ਅਤੇ ਵੱਡੀਆਂ ਬਰਾਦਰੀਆਂ ਨੂੰ ਕੀ ਕਰੋਗੇ।
ਢੱਡਰੀਆਂ ਵਾਲਿਆਂ ਨੇ ਮੁੱਖ ਮੰਤਰੀ ਚੰਨੀ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਅਤੇ ਆਮ ਜਨਤਾ ਵਿਚ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦੇ ਢੰਗ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਆਪਣੇ ਵਾਅਦਿਆਂ ’ਤੇ ਖ਼ਰਾ ਉਤਰਨ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਸਾਡੇ ਸੂਬੇ ਦੇ ਲੋਕ ਮੁਫ਼ਤ ਆਟਾ-ਦਾਲ ਦੇ ਮੋਹਤਾਜ਼ ਨਾ ਹੋ ਕੇ ਬੱਚਿਆਂ ਨੂੰ ਉੱਚ ਸਿੱਖਿਆ ਵੱਲ ਪ੍ਰੇਰਿਤ ਕਰੀਏ ਜਿਸ ਦੀ ਉਹ ਹਮੇਸ਼ਾ ਹੀ ਆਪਣੇ ਪ੍ਰਚਾਰ ਦੌਰਾਨ ਸੰਗਤ ਨੂੰ ਅਪੀਲ ਕਰਦੇ ਰਹਿੰਦੇ ਹਨ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਭਿਖਾਰੀ ਨਾ ਬਣਾਉਣ ਬਲਕਿ ਨੌਜਵਾਨਾਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾ ਆਤਮ-ਨਿਰਭਰ ਕਰਕੇ ਆਪਣੇ ਪੈਰਾਂ ’ਤੇ ਖੜ੍ਹਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤਾਂ ਜੋ ਉਹ ਇੱਜ਼ਤ ਨਾਲ ਆਟਾ-ਦਾਲ ਖਰੀਦ ਕੇ ਲਿਆਵੇ ਅਤੇ ਵਧੀਆ ਜ਼ਿੰਦਗੀ ਬਤੀਤ ਕਰੇ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਚੰਨੀ ਦੀ ਇਹ ਸੋਚ ਦੇਖ ਉਨ੍ਹਾਂ ਖੁਸ਼ੀ ਮਹਿਸੂਸ ਹੋਈ ਕਿ ਉਹ ਲੋਕਾਂ ਨੂੰ ਮੁਫ਼ਤ ਆਟਾ-ਦਾਲ ਦੇਣ ਦੀ ਬਜਾਏ ਆਤਮ-ਨਿਰਭਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਜੋ ਕਿ ਕਹਿ ਰਹੇ ਹਨ ਉਹ ਪੂਰਾ ਕਰਕੇ ਜ਼ਰੂਰ ਦਿਖਾਉਣ ਕਿਉਂਕਿ ਪਿਛਲੇ ਸਮਿਆਂ ਦੌਰਾਨ ਦੇਖਿਆ ਗਿਆ ਕਿ ਸਰਕਾਰਾਂ ਵਲੋਂ ਲੋਕਾਂ ਨਾਲ ਵਾਅਦੇ ਤਾਂ ਕਰ ਲਏ ਜਾਂਦੇ ਹਨ ਪਰ ਪੂਰੇ ਨਹੀਂ ਕੀਤੇ ਜਾਂਦੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਅਜਿਹੇ ਲੋਕ ਭਲਾਈ ਵਾਲੇ ਕਾਰਜ ਜਿਸ ’ਚ ਨੌਜਵਾਨਾਂ ਨੂੰ ਰੋਜ਼ਗਾਰ, ਨਸ਼ਿਆਂ ਦਾ ਖਾਤਮਾ ਕਰੇ, ਉਹ ਕੋਈ ਵੀ ਸਿਆਸੀ ਪਾਰਟੀ ਕਰੇ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਿੱਖਣਾ ਜ਼ਰੂਰ ਚਾਹੀਦਾ ਕਿ ਮੁੱਖ ਮੰਤਰੀ ਚੰਨੀ ਇਕ ਆਮ ਜਿਹੇ ਘਰ ਵਿਚ ਜਨਮ ਲੈ ਕੇ ਬੁਲੰਦੀਆਂ ਨੂੰ ਛੂਹ ਸਕਦਾ ਹੈ, ਜਾਤ ਕੋਈ ਵੀ ਹੋਵੇ ਪਰ ਸੋਚ ਉੱਚੀ ਰੱਖਣੀ ਚਾਹੀਦੀ ਹੈ।