ਦਿੱਲੀ(ਦੇਵ ਇੰਦਰਜੀਤ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਹਰਿਆਣਾ ਦੇ ਜੀਂਦ ਵਿੱਚ ਪੁੱਜੇ ਤਾਂ ਏਥੇ ਕਿਸਾਨ ਮਹਾਂਪੰਚਾਇਤ ਵਿੱਚਬੋਲਦਿਆਂ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਗੱਲ ਕੀਤੀਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ, ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਹੈ ਕਿ ਸੰਘਰਸ਼ ਦੌਰਾਨ ਜਾਨਾਂ ਦੇ ਗਏ ਕਿਸਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ। ਸਾਨੂੰ ਸਭ ਨੂੰ ਇੱਕਜੁੱਟ ਹੋ ਕੇ ਅਖੀਰ ਤੱਕ ਲੜਨਾ ਚਾਹੀਦਾ ਹੈ। ਜਿਸ ਦੇਸ਼ ਅੰਦਰ ਕਿਸਾਨਾਂ ਦਾ ਸਨਮਾਨ ਨਹੀਂ, ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ।
ਰੋਹਤਕ ਵਿੱਚ ਕਿਸਾਨਾਂ ਉੱਤੇ ਲਾਠੀਚਾਰਜ ਦੇ ਬਾਅਦ ਹੋਈ ਇਸ ਮਹਾਂਪੰਚਾਇਤ ਵਿੱਚ ਕੇਜਰੀਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਰ ਕੇ ਸਾਡੇ ਖਿਲਾਫ ਕੇਂਦਰ ਸਰਕਾਰ ਇੱਕ ਕਾਨੂੰਨ ਲੈ ਆਈ ਹੈ। ਸਿਰਫ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਰ ਕੇ ਉਹ ਸਾਨੂੰ ਸਜ਼ਾ ਦੇ ਰਹੇ ਹਨ। ਪਾਰਲੀਮੈਂਟ ਤੋਂ ਬਿੱਲ ਪਾਸ ਕਰਵਾਇਆ ਗਿਆ ਹੈ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ, ਚੁਣੇ ਹੋਏ ਮੁੱਖ ਮੰਤਰੀ ਦੀ ਕੋਈ ਸ਼ਕਤੀ ਨਹੀਂ ਰਹੇਗੀ, ਸਾਰੀ ਸ਼ਕਤੀ ਲੈਫਟੀਨੈਂਟ ਗਵਰਨਰ ਦੀ ਹੋਵੇਗੀ।
ਇਹ ਕਿੱਦਾਂ ਦਾ ਕਾਨੂੰਨ ਹੈ, ਜਿਸ ਸਰਕਾਰ ਨੂੰ ਜਨਤਾ ਨੇ ਜਿਤਾਇਆ ਹੈ, ਉਸ ਦੀ ਕੋਈ ਸ਼ਕਤੀ ਨਹੀਂ। ਪਾਰਲੀਮੈਂਟ ਵਿੱਚ ਜਦੋਂ ਇਸ ਬਿੱਲ ਉੱਤੇ ਚਰਚਾ ਕੀਤੀ ਗਈ ਸੀ ਤਾਂ ਭਾਜਪਾ ਦੇ ਇੱਕ-ਇੱਕ ਮੈਂਬਰ ਨੇ ਬੋਲਿਆ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ, ਇਸ ਲਈ ਕੇਜਰੀਵਾਲ ਨੂੰ ਸਜ਼ਾ ਦਿੱਤੀ ਜਾ ਰਹੀ ਹੈ।
(ਕੇਜ਼ਰੀਵਾਲ) : ਕਿਸਾਨ ਅੰਦੋਲਨ ਵਿੱਚ ਸਾਡੇ 300 ਕਿਸਾਨ ਭਰਾ ਸ਼ਹੀਦ ਹੋ ਗਏ। ਇਸ ਕਿਸਾਨ ਅੰਦੋਲਨ ਲਈ ਜੇ ਕੇਜਰੀਵਾਲ ਦੀ ਜਾਨ ਵੀ ਚਲੀ ਜਾਂਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਅਸੀਂ ਤੁਹਾਡੀ ਕਿਸੇ ਵੀ ਸਜ਼ਾ ਤੋਂ ਨਹੀਂ ਡਰਦੇ। ਜੋ ਵੀ ਕਿਸਾਨ ਅੰਦੋਲਨ ਦੇ ਨਾਲ ਹੈ, ਉਹ ਦੇਸ਼ ਭਗਤ ਹੈ। ਇਸ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਜੋ ਵੀ ਕੁਰਬਾਨੀ ਦੇਣੀ ਪਵੇਗੀ, ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ।