ਮੁੰਬਈ (ਦੇਵ ਇੰਦਰਜੀਤ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਇਨ੍ਹੀਂ ਦਿਨੀਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਆਰੀਅਨ ਤੇ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੇਂਟ ਤੇ ਮੁਨਮੁਨ ਧਮੇਚਾ ਡਰੱਗਜ਼ ਮਾਮਲੇ ’ਚ ਗ੍ਰਿਫ਼ਤਾਰ ਹਨ। ਇਸ ਸਮੇਂ ਇਹ ਤਿੰਨੇ ਜੇਲ੍ਹ ’ਚ ਹਨ।
ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦਾ ਨਾਂ ਡਰੱਗਜ਼ ਮਾਮਲੇ ’ਚ ਆਉਣ ਤੋਂ ਬਾਅਦ ਦੇਸ਼ ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਹੁਣ ਰਾਜਨੀਤੀ ਪਾਰਟੀ ਮਜਲਿਸ-ਏ-ਇਤੇਹਾਦੁਲ-ਮੁਸਲਮੀਨ ਦੇ ਪ੍ਰਧਾਨ ਅਸਦਉਦੀਨ ਓਵੈਸੀ ਨੇ ਵੀ ਆਰੀਅਨ ਖ਼ਾਨ ਦੇ ਜੇਲ੍ਹ ਜਾਣ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਸਦਉਦੀਨ ਓਵੈਸੀ ਨੇ ਕਿਹਾ ਕਿ ਤੁਸੀਂ ਇਕ ਸੁਪਰਸਟਾਰ ਦੇ ਬੇਟੇ ਦੀ ਗੱਲ ਕਰ ਰਹੇ ਹਨ। ਯੂ. ਪੀ. ਦੀਆਂ ਜੇਲ੍ਹਾਂ ’ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹੈ। ਉਨ੍ਹਾਂ ਲਈ ਕੌਣ ਬੋਲੇਗਾ? ਮੈਂ ਉਨ੍ਹਾਂ ਲਈ ਲੜਾਂਗਾ, ਜੋ ਬੇਜ਼ੁਬਾਨ ਤੇ ਕਮਜ਼ੋਰ ਹਨ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹਨ। ਅਸਦਉਦੀਨ ਓਵੈਸੀ ਦੇ ਹੁਣ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।
ਜੇਲ੍ਹ ’ਚ ਕਿਸੇ ਨੂੰ ਵੀ ਨਾਂ ਨਾਲ ਨਹੀਂ, ਸਗੋਂ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ ’ਚ ਆਰੀਅਨ ਖ਼ਾਨ ਨੂੰ ਵੀ ਉਸ ਦਾ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ ’ਚ ਆਰੀਅਨ ਖ਼ਾਨ ਨੂੰ ਉਨ੍ਹਾਂ ਦੇ ਘਰ ’ਚੋਂ 4500 ਰੁਪਏ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਖਾਣਾ ਖਾ ਸਕਦਾ ਹੈ।
ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ ’ਚ ਸਿਰਫ ਬਿਸਕੁੱਟ ਖਾ ਰਿਹਾ ਹੈ, ਉਸ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖ਼ਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।