ਇਸਲਾਮਾਬਾਦ (ਵਿਕਰਮ ਸਹਿਜਪਾਲ) : ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਸਰਗਨਾ ਅਜ਼ਹਰ ਮਸੂਦ ਨੇ ਇਹ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਦਾ ਉਸ ਦੀ ਜਥੇਬੰਦੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜਥੇਬੰਦੀ ਦੇ ਹਫ਼ਤਾਵਰੀ ਅਖ਼ਬਾਰ ਵਿਚ ਮਸੂਦ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਜਥੇਬੰਦੀ ਦੇ ਹੋਰ ਸਾਥੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਸ ਅਖ਼ਬਾਰ ਨੂੰ ਜਥੇਬੰਦੀ ਦਾ ਮੁੱਖ ਪੱਤਰ ਮੰਨਿਆ ਜਾਂਦਾ ਹੈ। ਮਸੂਦ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਤੇ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਤੀ ਨੂੰ ਇਹ ਚੁਨੌਤੀ ਦਿੰਦੇ ਹਨ ਕਿ ਉਹ ਉਸ ਨਾਲ ਤੀਰੰਦਾਜ਼ੀ ਜਾਂ ਸ਼ੂਟਿੰਗ ਵਿਚ ਮੁਕਾਬਲਾ ਕਰ ਲੈਣ ਤਾ ਕਿ ਇਹ ਸਾਬਤ ਹੋ ਸਕੇ ਕਿ ਉਹ ਕਿੰਨੇ ਫਿਟ ਹਨ। ਜ਼ਿਕਰਯੋਗ ਹੈ ਕਿ 14 ਫ਼ਰਵਰੀ ਨੂੰ ਜੰਮੂ ਦੇ ਪੁਲਵਾਮਾ ਵਿਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਸੀਆਰਪੀਫ਼ ਦੇ ਕਾਫ਼ਲੇ 'ਤੇ ਆਤਮਘਾਤੀ ਹਮਲਾ ਕਰਵਾਇਆ ਸੀ ਜਿਸ ਵਿਚ 40 ਕੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ ਬਾਅਦ ਤੋਂ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਤਣਾਅ ਆ ਗਿਆ ਸੀ ਤੇ ਹਮਲੇ ਤੋਂ ਕੁੱਝ ਦਿਨ ਬਾਅਦ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਪਾਕਿ ਸਥਿਤ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਸੀ|
ਜਿਸ ਵਿਚ ਕਈ ਅਤਿਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮਸੂਦ ਨੇ ਕਿਹਾ ਕਿ ਉਸ ਦੀ ਸਿਹਤ ਨੂੰ ਲੈ ਕੇ ਫ਼ੈਲਾਈਆਂ ਜਾ ਰਹੀਆਂ ਖ਼ਬਰਾਂ ਸਿਰਫ਼ ਝੂਠ ਹਨ ਜਦਕਿ ਉਹ ਪੂਰੀ ਤਰ੍ਹਾਂ ਠੀਕ ਤੇ ਫਿਟ ਹਨ। ਮਸੂਦ ਨੇ ਕਿਹਾ ਕਿ ਉਸ ਦੀ ਕਿਡਨੀ ਤੇ ਲਿਵਰ ਠੀਕ ਹੈ ਤੇ ਉਹ ਪਿਛਲੇ 17 ਸਾਲਾਂ ਤੋਂ ਕਦੇ ਹਸਪਤਾਲ ਨਹੀਂ ਗਿਆ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਠੀਕ ਤੇ ਤੰਦਰੁਸਤ ਹੈ।