ਚੰਡੀਗੜ੍ਹ (ਦੇਵ ਇੰਦਰਜੀਤ) : ਸੂਬੇ ਦੇ ਸਰਕਾਰੀ ਸਕੂਲਾਂ |ਚ ਪਿਛਲੇ ਦਿਨੀਂ ਕੋਰੋਨਾ ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪੂਰੀ ਸਥਿਤੀ ’ਤੇ ਖੁਦ ਨਜ਼ਰ ਰੱਖੀ ਹੋਈ ਹੈ। ਸਮੂਹ ਡਿਪਟੀ ਕਮਿਸ਼ਨਰ ਸਿੱਖਿਆ ਮੰਤਰੀ ਨੂੰ ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਹੋ ਰਹੀ ਕੋਵਿਡ ਸੈਂਪਲਿੰਗ ਦੀ ਰਿਪੋਰਟ ਭੇਜ ਰਹੇ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਲਈ ਬੱਚਿਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਜਦੋਂ ਤੋਂ ਸਕੂਲਾਂ ’ਚ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ, ਉਦੋਂ ਤੋਂ ਹੀ ਹਾਲਾਤ ’ਤੇ ਉਹ ਖੁਦ ਨਜ਼ਰ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੱਪਡੇਟ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਜਿਸ ਸਕੂਲ ਵਿਚ ਕੋਈ ਪਾਜ਼ੇਟਿਵ ਕੇਸ ਸਾਹਮਣੇ ਆਵੇ ਤਾਂ ਉਸ ਸਕੂਲ ਨੂੰ ਬੰਦ ਕਰ ਕੇ ਸੈਂਪਲਿੰਗ ਵਧਾਈ ਜਾਵੇ। ਸਿੰਗਲਾ ਨੇ ਕਿਹਾ ਕਿ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵੀ ਰੋਜ਼ਾਨਾ ਸਕੂਲਾਂ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਕੋਵਿਡ ਪ੍ਰੋਟੋਕਾਲ ਕਿੰਨਾ ਫਾਲੋ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ. ਈ. ਓਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲਾਂ ’ਚ ਸਿਰਫ ਉਨ੍ਹਾਂ ਹੀ ਅਧਿਆਪਕਾਂ ਨੂੰ ਪੜ੍ਹਾਉਣ ਦੀ ਆਗਿਆ ਦਿੱਤੀ ਜਾਵੇ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਲਈਆਂ ਹੋਣ। ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਪੰਜਾਬ ਸਰਕਾਰ ਵਲੋਂ ਸਕੂਲਾਂ ਲਈ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਰ ਦਿਨ ਸੂਬੇ ਭਰ ਵਿਚ ਘੱਟੋ-ਘੱਟ 10000 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨੂੰ ਵੀ ਆਖਿਆ ਗਿਆ ਹੈ ਕਿ ਇਕ ਬੈਂਚ ’ਤੇ ਸਿਰਫ ਇਕ ਵਿਦਿਆਰਥੀ ਹੀ ਬਿਠਾਇਆ ਜਾਵੇ।
ਸਿਰਫ ਉਹ ਅਧਿਆਪਕ ਹੀ ਸਕੂਲ ਆਵੇਗਾ, ਜਿਸ ਦੇ ਕੋਰੋਨਾ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣਗੀਆਂ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਸਕੂਲ ਸਾਰੀਆਂ ਜਮਾਤਾਂ ਲਈ ਖੋਲ੍ਹ ਦਿੱਤੇ ਗਏ ਹਨ ਅਤੇ ਹੁਣ ਤਕ ਲਗਭਗ 41 ਬੱਚੇ ਅਤੇ ਇਕ ਅਧਿਆਪਕ ਪਾਜ਼ੇਟਿਵ ਆ ਚੁੱਕਾ ਹੈ।