IPL T20 : ਹੈਦਰਾਬਾਦ ਨੇ ਚੇੱਨਈ ਨੂੰ 6 ਵਿਕਟਾਂ ਨਾਲ ਹਰਾਇਆ

by

ਹੈਦਰਾਬਾਦ (ਵਿਕਰਮ ਸਹਿਜਪਾਲ) : ਲੈੱਗ ਸਪਿਨਰ ਰਾਸ਼ਿਦ ਖਾਨ (17 ਦੌੜਾਂ 'ਤੇ 2 ਵਿਕਟਾਂ) ਦੀ ਅਗਵਾਈ 'ਚ ਗੇਂਦਬਾਜ਼ਾਂ  ਦੇ ਸ਼ਾਨਦਾਰ ਪ੍ਰਦਰਸ਼ਨ ਤੇ ਓਪਨਰਾਂ ਡੇਵਿਡ ਵਾਰਨਰ (50) ਤੇ ਜਾਨੀ ਬੇਅਰਸਟ੍ਰਾ (ਅਜੇਤੂ 61) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਚੋਟੀ ਦੀ ਟੀਮ ਤੇ ਪਿਛਲੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ 'ਚ ਬੁੱਧਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਉਸ ਦਾ ਜੇਤੂ ਰੱਥ ਰੋਕ ਦਿੱਤਾ। ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਇਸ ਮੁਕਾਬਲੇ 'ਚ ਖੇਡਣ ਉੱਤਰੀ ਚੇਨਈ ਦੀ ਟੀਮ 20 ਓਵਰਾਂ 'ਚ 5 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ।

ਹੈਦਰਾਬਾਦ ਨੇ 16.5 ਓਵਰਾਂ 'ਚ 4 ਵਿਕਟਾਂ 'ਤੇ 137 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਚੇਨਈ ਦੀ ਟੀਮ ਇਸ ਮੁਕਾਬਲੇ 'ਚ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਉੱਤਰੀ ਤੇ ਟੀਮ ਦੀ ਕਪਤਾਨੀ ਸੁਰੇਸ਼ ਰੈਨਾ ਨੇ ਸੰਭਾਲੀ। ਹਾਲਾਂਕਿ ਧੋਨੀ ਦੇ ਨਾ ਖੇਡਣ ਦਾ ਅਸਰ ਚੇਨਈ ਦੀ ਬੱਲੇਬਾਜ਼ੀ 'ਤੇ ਸਾਫ ਨਜ਼ਰ ਆਇਆ ਤੇ ਟੀਮ 132 ਤੱਕ ਹੀ ਪਹੁੰਚ ਸਕੀ। ਚੇਨਈ ਵਲੋਂ ਓਪਨਰ ਫਾਫ ਡੂ ਪਲੇਸਿਸ ਨੇ ਸਭ ਤੋਂ ਜ਼ਿਆਦਾ 45 ਦੌੜਾਂ ਬਣਾਈਆਂ।  ਸ਼ੇਨ ਵਾਟਸਨ ਨੇ 29 ਗੇਂਦਾਂ 'ਚ 4 ਚੌਕਿਆਂ ਦੇ ਸਹਾਰੇ 31 ਦੌੜਾਂ ਦਾ ਯੋਗਦਾਨ ਦਿੱਤਾ। 

ਵਾਟਸਨ ਤੇ ਡੂ ਪਲੇਸਿਸ ਨੇ ਪਹਿਲੀ ਵਿਕਟ ਲਈ 9.5 ਓਵਰਾਂ 'ਚ 79 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਪਰ ਬਾਅਦ ਦੇ ਬੱਲੇਬਾਜ਼ ਦੌੜ ਗਤੀ ਨੂੰ ਤੇਜ਼ੀ ਨਹੀਂ ਦੇ ਸਕੇ। ਚੇਨਈ ਨੇ ਇਸ ਸਾਂਝੇਦਾਰੀ  ਦੇ ਟੁੱਟਣ  ਤੋਂ ਬਾਅਦ ਆਖਰੀ 10.1 ਓਵਰਾਂ 'ਚ ਸਿਰਫ 53 ਦੌੜਾਂ ਜੋੜੀਆਂ।