ਪੱਤਰ ਪ੍ਰੇਰਕ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਮੁਕਤਾਪ੍ਰਸਾਦ ਨਗਰ ਥਾਣਾ ਖੇਤਰ 'ਚ ਵੀਰਵਾਰ ਨੂੰ ਇਕ ਪਤੀ-ਪਤਨੀ ਸਮੇਤ ਇਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਨੇ ਕਥਿਤ ਤੌਰ 'ਤੇ ਇਕ ਘਰ 'ਚ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਚਾਰ ਲੋਕਾਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਹਨ, ਜਦਕਿ ਇਕ ਵਿਅਕਤੀ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਵੱਲੋਂ ਸਮੂਹਿਕ ਖੁਦਕੁਸ਼ੀ ਦਾ ਸ਼ੱਕ ਜਤਾਇਆ ਹੈ। ਪੁਲਿਸ ਮੁਤਾਬਕ ਮ੍ਰਿਤਕਾਂ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ।
ਐਸਓ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੁਕਤਾ ਪ੍ਰਸਾਦ ਨਗਰ ਥਾਣਾ ਖੇਤਰ ਦੇ ਅੰਤੋਦਿਆ ਨਗਰ ਨਿਵਾਸੀ ਹਨੂੰਮਾਨ ਸੋਨੀ, ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਨੇ ਵੀਰਵਾਰ ਦੁਪਹਿਰ ਨੂੰ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੂੰ ਚਾਰ ਲਾਸ਼ਾਂ ਲਟਕਦੀਆਂ ਮਿਲੀਆਂ, ਜਦਕਿ ਇਕ ਲਾਸ਼ ਜ਼ਮੀਨ 'ਤੇ ਪਈ ਸੀ।
ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਲੱਗ ਰਿਹਾ ਹੈ ਕਿ ਜ਼ਮੀਨ 'ਤੇ ਪਈ ਲਾਸ਼ ਫਾਹੇ ਤੋਂ ਡਿੱਗੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੀਬੀਐਮ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਹਨੂੰਮਾਨ ਸੋਨੀ (45) ਅਤੇ ਉਸ ਦੀ ਪਤਨੀ ਵਿਮਲਾ (40), ਦੋ ਪੁੱਤਰ ਮੋਹਿਤ (18), ਰਿਸ਼ੀ (16) ਅਤੇ ਇਕ ਬੇਟੀ ਗੁਡੀਆ (14) ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਮਕਾਨ ਮਾਲਕ ਦੇ ਅਨੁਸਾਰ ਘਰ 'ਚੋਂ ਬਦਬੂ ਆਉਣ 'ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।