ਹੁਣ ਸੈਂਕੜੇ ਪ੍ਰਵਾਸੀਆਂ ਨੂੰ ਮਿਲੇਗਾ ਕੈਨੇਡਾ ਆਉਣ ਦਾ ਮੌਕਾ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਖ਼ਬਰ ਮਿਲੀ ਹੈ ਕਿ ਕੈਨੇਡਾ ਦੇ ਮੀਟ ਪ੍ਰੋਸੈਸਿੰਗ ਖੇਤਰ ਵਿਚ ਕਿਰਤੀਆਂ ਦੀ ਕਮੀ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਵੱਲੋਂ ਜਲਦ ਹੀ ਇਕ ਨਵੀਂ ਇੰਮੀਗ੍ਰੇਸ਼ਨ ਯੋਜਨਾ ਪੇਸ਼ ਕੀਤੀ ਜਾ ਰਹੀ ਹੈ ਜਿਸ ਤਹਿਤ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ। ਸੂਤਰਾਂ ਨੇ ਦੱਸਿਆ ਕਿ ਕੈਨੇਡਾ ਸਰਕਾਰ ਦੁਆਰਾ ਤਿੰਨ ਸਾਲਾ ਐਗਰੀ-ਫੂਡ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜੋ ਪ੍ਰਵਾਸੀਆਂ ਕਾਮਿਆਂ ਲਈ ਪੀ.ਆਰ. ਦਾ ਰਾਹ ਵੀ ਪੱਧਰਾ ਕਰੇਗਾ। 


ਕੈਨੇਡੀਅਨ ਮੀਟ ਕੌਂਸਲ ਨੇ ਤਜਵੀਜ਼ਸ਼ੁਦਾ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਿਸਮ ਦੀ ਯੋਜਨਾ ਬਾਰੇ ਲੰਮੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਸੀ ਤਾਂਕਿ ਮੀਟ ਪ੍ਰੋਸੈਸਿੰਗ ਦੇ ਖੇਤਰ ਵਿਚ ਕਿਰਤੀਆਂ ਦੀ ਕਿੱਲਤ ਖ਼ਤਮ ਕੀਤੀ ਜਾ ਸਕੇ। ਕੌਂਸਲ ਮੁਤਾਬਕ ਸਥਾਈ ਯੋਜਨਾ ਆਉਣ ਮਗਰੋਂ ਮੀਟ ਪ੍ਰੋਸੈਸਿੰਗ ਖੇਤਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਕੈਨੇਡੀਅਨ ਮੀਟ ਕੌਂਸਲ ਮੁਤਾਬਕ ਇਸ ਵੇਲੇ ਘੱਟੋ-ਘੱਟ 1700 ਕਾਮਿਆਂ ਦੀ ਜ਼ਰਰੂਤ ਹੈ ਜਦਕਿ 900 ਬੁਚਰਜ਼ ਪੀ.ਆਰ. ਮਿਲਣ ਦੀ ਉਡੀਕ ਵਿਚ ਹਨ।