ਛੱਤੀਸਗੜ੍ਹ(ਦੇਵ ਇੰਦਰਜੀਤ) : ਮੁਕਾਬਲੇ ਦੌਰਾਨ ਇੱਕ ਸਿੱਖ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਇੱਕ ਹੋਰ ਜਵਾਨ ਨੂੰ ਗੋਲੀ ਲੱਗ ਗਈ ਤੇ ਉਹ ਵੀ ਜ਼ਖ਼ਮੀ ਹੋ ਗਿਆ। ਜਿਵੇਂ ਹੀ ਉਸ ਨੂੰ ਗੋਲੀ ਲੱਗੀ ਤਾਂ ਸਿੱਖ ਜਵਾਨ ਨੇ ਆਪਣੀ ਪੱਗ ਉਤਾਰ ਕੇ ਆਪਣੇ ਸਾਥੀ ਦੇ ਜ਼ਖ਼ਮ 'ਤੇ ਬੰਨ੍ਹ ਦਿੱਤੀ। ਇਸ ਘਟਨਾ ਨੂੰ ਛੱਤੀਸਗੜ੍ਹ 'ਚ 1988 ਬੈਚ ਦੇ ਆਈਪੀਐਸ ਅਧਿਕਾਰੀ ਆਰਕੇ ਵਿਜ ਨੇ ਟਵੀਟ ਕੀਤਾ ਹੈ ਤੇ ਕਿਹਾ, "ਸਿੱਖ ਜਵਾਨ ਦੇ ਜਜ਼ਬੇ ਨੂੰ ਮੇਰਾ ਸਲਾਮ।"
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ-ਸੁਕਮਾ ਜ਼ਿਲ੍ਹੇ ਦੀ ਸਰਹੱਦ 'ਤੇ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਸ਼ਨਿੱਚਰਵਾਰ ਨੂੰ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ 22 ਜਵਾਨ ਸ਼ਹੀਦ ਹੋਏ ਤੇ 31 ਜਵਾਨ ਜ਼ਖ਼ਮੀ ਹੋ ਗਏ। ਇਸ ਵਿਚਕਾਰ ਇੱਕ ਅਜਿਹੀ ਤਸਵੀਰ ਸਾਹਮਣੇ ਆਈ, ਜਿਸ 'ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਹੈ।
ਸੈਂਟਰਲ ਰਿਜ਼ਰਵ ਪੁਲਿਸ ਫ਼ੋਰਸ ਦੀ ਏਲੀਟ ਕਮਾਂਡੋ ਬਟਾਲੀਅਨ ਫ਼ਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਵਿੰਗ ਦਾ ਜਵਾਨ ਬਲਰਾਜ ਸਿੰਘ ਹੈ, ਜਿਸ ਨੇ ਆਪਣੇ ਸਾਥੀ ਅਭਿਸ਼ੇਕ ਪਾਂਡੇ ਦੀ ਮਦਦ ਕੀ। ਇਨ੍ਹਾਂ ਦੋਵਾਂ ਜਵਾਨਾਂ ਨੂੰ ਰਾਏਪੁਰ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਆਰਕੇ ਵਿਜ ਨੇ ਕਿਹਾ, "ਇਹ ਮਾਣ ਵਾਲੀ ਗੱਲ ਹੈ। ਬਲਰਾਜ ਸਿੰਘ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਸੀ, ਪਰ ਉਹ ਬਹਾਦਰੀ ਨਾਲ ਲੜਦਾ ਰਿਹਾ। ਦੋਵੇਂ ਜਵਾਨ ਹਸਪਤਾਲ 'ਚ ਦਾਖ਼ਲ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਹੈ।"
ਬਲਰਾਜ ਸਿੰਘ ਨੇ ਕਿਹਾ, "ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਸੀ। ਅਚਾਨਕ ਮੈਂ ਵੇਖਿਆ ਕਿ ਅਭਿਸ਼ੇਕ ਪਾਂਡੇ ਦੀ ਲੱਤ 'ਚ ਗੋਲੀ ਲੱਗੀ ਹੈ ਤੇ ਕਾਫ਼ੀ ਜ਼ਿਆਦਾ ਖੂਨ ਵੱਗ ਰਿਹਾ ਸੀ। ਮੈਂ ਆਪਣੀ ਪੱਗ ਉਤਾਰੀ ਤੇ ਖੂਨ ਵਗਣ ਤੋਂ ਰੋਕਣ ਲਈ ਉਸ ਦੇ ਜ਼ਖ਼ਮ ਉੱਤੇ ਬੰਨ੍ਹ ਦਿੱਤੀ। ਬਾਅਦ 'ਚ ਮੈਨੂੰ ਵੀ ਗੋਲੀਆਂ ਲੱਗੀਆਂ।"