ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਖੱਟੜ ਦੀ ਅਗਵਾਈ ’ਚ ਕਈ ਦਹਾਕਿਆਂ ਬਾਅਦ ਅਜਿਹੀ ਸਰਕਾਰ ਮਿਲੀ ਜੋ ਪੂਰੀ ਈਮਾਨਦਾਰੀ ਨਾਲ ਕੰਮ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ਦਾ ਮੁਲਾਂਕਣ ਬੀਤੇ 5 ਦਹਾਕਿਆਂ ’ਚ ਵਧੀਆ ਸਰਕਾਰ ਦੇ ਰੂਪ ਵਿਚ ਕੀਤਾ ਜਾਵੇਗਾ। ਮੋਦੀ ਨੇ ਕਿਹਾ ਕਿ ਖੱਟੜ ਦੀ ਪ੍ਰਤਿਭਾ ਮੁੱਖ ਮੰਤਰੀ ਦੇ ਰੂਪ ਵਿਚ ਸਾਹਮਣੇ ਆਈ ਹੈ, ਉਨ੍ਹਾਂ ਨੇ ਸਮਰਪਣ ਅਤੇ ਨਵੀਨਤਾ ਨਾਲ ਇਸ ਤਰ੍ਹਾਂ ਕੰਮ ਕੀਤਾ ਕਿ ਹਰਿਆਣਾ ਸਰਕਾਰ ਦੇ ਪ੍ਰੋਗਰਾਮਾਂ ਦੇ ਕੁਝ ਮਾਡਲ ਕੇਂਦਰ ਸਰਕਾਰ ਨੇ ਵੀ ਅਪਣਾਏ।
ਪ੍ਰਧਾਨ ਮੰਤਰੀ ਵਲੋਂ ਖੱਟੜ ਦੀ ਤਾਰੀਫ਼ ਕਰਨ ਤੋਂ ਬਾਅਦ ਪਾਰਟੀ ਦੇ ਅੰਦਰ ਉਨ੍ਹਾਂ ਦੇ ਆਲੋਚਕਾਂ ਦੇ ਮੂੰਹ ਬੰਦ ਹੋ ਜਾਣਗੇ ਅਤੇ ਮੁੱਖ ਮੰਤਰੀ ਦਾ ਮਨੋਬਲ ਮਜ਼ਬੂਤ ਹੋਵੇਗਾ। ਏਮਜ਼ ਦੇ ਝੱਜਰ ਕੰਪਲੈਕਸ ਵਿਚ ਨੈਸ਼ਨਲ ਕੈਂਸਰ ਇੰਸਟੀਚਿਊਟ ’ਚ ਇੰਫੋਸਿਸ ਫਾਊਂਡੇਸ਼ਨ ਵਿਸ਼ਵਾਸ ਸਦਨ ਦੇ ਉਦਘਾਟਨ ਪ੍ਰੋਗਰਾਮ ਦੌਰਾਨ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਸੂਬਾਈ ਸਰਕਾਰਾਂ ਨੂੰ ਕੰਮ ਕਰਦੇ ਹੋਏ ਵੇਖਿਆ ਹੈ।
ਹਰਿਆਣਾ ਨੂੰ ਇਕ ਅਜਿਹੀ ਸਰਕਾਰ ਮਿਲੀ ਹੈ, ਜੋ ਦਿਨ-ਰਾਤ ਸੂਬੇ ਦੇ ਚੰਗੇ ਭਵਿੱਖ ਬਾਰੇ ਸੋਚਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਡੀਆ ਨੇ ਇਸ ਸਕਾਰਾਤਮਕ ਵਿਸ਼ੇ ਵੱਲ ਧਿਆਨ ਨਹੀਂ ਦਿੱਤਾ ਪਰ ਜਦੋਂ ਵੀ ਕਦੇ ਮੁਲਾਂਕਣ ਕੀਤਾ ਜਾਵੇਗਾ, ਤਾਂ ਉਨ੍ਹਾਂ ਦੀ ਸਰਕਾਰ ਵਧੀਆ ਮੰਨੀ ਜਾਵੇਗੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਹਰਿਆਣਾ ਵਿਚ ਤਰੱਕੀ ਲਈ ਖੱਟੜ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਗਏ ਜਨ ਹਿਤੈਸ਼ੀ ਕੰਮਾਂ ਨੂੰ ਆਉਣ ਵਾਲਾ ਸਮਾਂ ਯਾਦ ਰੱਖੇਗਾ।