ਜਲੰਧਰ (ਸਾਹਿਬ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ’ਤੇ ਲੜ ਰਹੀ ਬੀਬੀ ਸੁਰਜੀਤ ਕੌਰ ਦੀ ਚੋਣ ਨੂੰ ਲੋਕਾਂ ਨੇ ਆਪਣੀ ਚੋਣ ਬਣਾ ਲਿਆ ਹੈ। ਦੁਪਹਿਰ ਬਾਅਦ ਜਲੰਧਰ ਪੱਛਮੀ ਹਲਕੇ ਵਿੱਚ ਚੋਣ ਪ੍ਰਚਾਰ ਲਈ ਪਹੁੰਚੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਆਗੂਆਂ ਨੇ ਬੀਬੀ ਸੁਰਜੀਤ ਕੌਰ ’ਤੇ ਕਾਗਜ਼ ਵਾਪਸ ਲੈਣ ਦਾ ਦਬਾਅ ਬਣਾਇਆ ਸੀ ਅਸਲ ਵਿੱਚ ਉਹ ਉਨ੍ਹਾਂ ਦੀ ਗਰੀਬੀ ਦਾ ਮਜ਼ਾਕ ਉਡਾ ਰਹੇ ਸਨ। ਉਨ੍ਹਾਂ ਹੰਕਾਰੀ ਆਗੂਆਂ ਨੇ ਤਾਂ ਪਾਰਟੀ ਦਾ ਚੋਣ ਨਿਸ਼ਾਨ ਖੋਹਣ ਤੱਕ ਦੇ ਵੀ ਹੱਥਕੰਡੇ ਅਪਣਾਏ ਸਨ ਜਿਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ।
ਬੀਬੀ ਜਗੀਰ ਕੌਰ ਨੇ ਆਗੂਆਂ ਨੂੰ ਸਵਾਲ ਕੀਤਾ ਕਿ ਜੇ ਬੀਬੀ ਸੁਰਜੀਤ ਕੌਰ ਕਰੋੜਾਂ ਦੀ ਮਾਲਕ ਹੁੰਦੀ ਤਾਂ ਕੀ ਇਹ ਆਗੂ ਉਨ੍ਹਾਂ ਦੇ ਕਾਗਜ਼ ਵਾਪਸ ਲੈਣ ਲਈ ਦਬਾਅ ਪਾਉਣ ਦੀ ਹਿੰਮਤ ਕਰਦੇ? ਉਨ੍ਹਾਂ ਕਿਹਾ ਕਿ ਤੱਕੜੀ ਚੋਣ ਨਿਸ਼ਾਨ ਪੰਥਕ ਪਾਰਟੀ ਦਾ ਚੋਣ ਨਿਸ਼ਾਨ ਹੈ, ਜਦੋਂ ਇਹ ਆਗੂ ਤੱਕੜੀ ਚੋਣ ਨਿਸ਼ਾਨ ਖੋਹ ਨਹੀਂ ਸਕੇ ਤਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਨ ਵਿੱਚ ਜੁੱਟ ਗਏ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਇਨ੍ਹਾਂ ਅਕਾਲੀ ਆਗੂਆਂ ਨੂੰ ਮੁਆਫ਼ ਨਹੀਂ ਕਰੇਗਾ, ਜਿਹੜੇ ਪੰਥਕ ਚੋਣ ਨਿਸ਼ਾਨ ਤੱਕੜੀ ਦਾ ਵਿਰੋਧ ਕਰ ਰਹੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਹੱਕ-ਸੱਚ ’ਤੇ ਪਹਿਰਾ ਦੇ ਰਹੀ ਹੈ।