ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਇਤਿਹਾਸਿਕ ਜਿੱਤ ਹਾਸਲ ਕਰਨ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਅੱਜ 16 ਮਾਰਚ ਨੂੰ ਨਵਾਂਸ਼ਹਿਰ ਜ਼ਿਲ੍ਹੇ ’ਚ ਪੈਂਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜ਼ੱਦੀ ਪਿੰਡ ਖਟਕੜ ਕਲਾਂ ’ਚ ਸਹੁੰ ਚੁੱਕੇਗੀ। ਪੰਜਾਬ ਸਰਕਾਰ ਨੇ ਸਹੁੰ ਚੁੱਕ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਬਾਅਦ ਹੋਰ ਮੰਤਰੀਆਂ ਵੱਲੋਂ ਸਹੁੰ ਚੁੱਕੀ ਜਾਵੇਗੀ। ਸਹੁੰ ਚੁੱਕ ਸਮਾਗਮ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਹੋਰ ਸਾਰੇ ਮੀਡੀਆ ਪਲੇਟਫਾਰਮਾਂ ’ਤੇ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਆਉਣ ਅਤੇ ਔਰਤਾਂ ਨੂੰ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਆਉਣ ਲਈ ਕਿਹਾ ਹੈ।
ਸਹੁੰ ਚੁੱਕ ਸਮਾਗਮ ’ਚ ਬਣਾਏ ਗਏ ਪੰਡਾਲ ਨੂੰ ਬਸੰਤੀ ਰੰਗ ਦਿੱਤਾ ਗਿਆ ਹੈ। ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ। ਸਹੁੰ ਚੁੱਕ ਸਮਾਗਮ ਦਾ ਪੰਡਾਲ 150 ਏਕੜ ਜ਼ਮੀਨ ’ਤੇ ਤਿਆਰ ਕੀਤਾ ਗਿਆ ਹੈ ਕਿਉਂਕਿ ਭਗਵੰਤ ਮਾਨ ਨੂੰ ਸਹੁੰ ਚੁੱਕ ਸਮਾਗਮ ’ਚ ਵੱਡੀ ਗਿਣਤੀ ’ਚ ਲੋਕਾਂ ਦੇ ਆਉਣ ਦੀ ਉਮੀਦ ਹੈ। ਸੂਬਾ ਪੁਲਸ ਦੇ 6 ਆਈਜੀ ਰੈਂਕ ਅਤੇ 10 ਐੱਸਐੱਸ ਪੀਜ਼ ਨੂੰ ਸੁਰੱਖਿਆ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।