ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਵਿੱਚ ਬਣੇ ਲਕਸ਼ਗ੍ਰਹਿ ਨੂੰ ਲੈ ਕੇ ਪਿਛਲੇ 53 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਹਿੰਦੂ ਪੱਖ ਤੋਂ ਅਤੇ ਮੁਸਲਮਾਨ ਪੱਖ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਆਖਿਰਕਾਰ ਅਦਾਲਤ ਨੇ ਇਸ ਮਾਮਲੇ 'ਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਇੱਥੇ ਬਣੇ ਲਕਸ਼ਗ੍ਰਹਿ ਅਤੇ ਮਜ਼ਾਰ ਦੇ ਮਾਮਲੇ ਵਿੱਚ ਹਿੰਦੂ ਧਿਰ ਨੂੰ ਮਾਲਕੀ ਦਾ ਹੱਕ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ 1970 ਵਿੱਚ ਮੇਰਠ ਦੀ ਇੱਕ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ। ਇਸ ਦੀ ਸੁਣਵਾਈ ਫਿਲਹਾਲ ਬਾਗਪਤ ਜ਼ਿਲਾ ਅਤੇ ਸੈਸ਼ਨ ਕੋਰਟ 'ਚ ਚੱਲ ਰਹੀ ਹੈ।
ਬਾਗਪਤ ਸਿਵਲ ਜੱਜ ਸ਼ਿਵਮ ਦਿਵੇਦੀ ਨੇ ਇਹ ਫੈਸਲਾ 1970 ਵਿੱਚ ਸ਼ੁਰੂ ਹੋਏ ਮੁਕੱਦਮੇ ਵਿੱਚ ਦਿੱਤਾ ਹੈ। ਬਰਨਾਵਾ ਦੇ ਰਹਿਣ ਵਾਲੇ ਮੁਕੀਮ ਖਾਨ ਨੇ ਮੇਰਠ ਦੀ ਸਰਧਾਨਾ ਕੋਰਟ ਵਿੱਚ ਵਕਫ਼ ਬੋਰਡ ਦੇ ਇੱਕ ਅਧਿਕਾਰੀ ਦੇ ਰੂਪ ਵਿੱਚ ਕੇਸ ਦਾਇਰ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਲਕਸ਼ਗ੍ਰਹਿ ਦੇ ਗੁਰੂਕੁਲ ਦੇ ਸੰਸਥਾਪਕ ਬ੍ਰਹਮਚਾਰੀ ਕ੍ਰਿਸ਼ਨਦੱਤ ਮਹਾਰਾਜ ਨੂੰ ਪ੍ਰਤੀਵਾਦੀ ਬਣਾਇਆ ਸੀ। ਮੁਕੀਮ ਖਾਨ ਨੇ ਇਸ 'ਤੇ ਵਕਫ਼ ਬੋਰਡ ਦੇ ਮਾਲਕੀ ਹੱਕ ਦਾ ਦਾਅਵਾ ਕੀਤਾ ਸੀ। ਜੋ ਕਿ ਸ਼ੇਖ ਬਦਰੂਦੀਨ ਦੇ ਮਕਬਰੇ ਦੀ ਜ਼ਮੀਨ ਸੀ ਅਤੇ ਟਿੱਲੇ 'ਤੇ ਵੱਡਾ ਕਬਰਸਤਾਨ ਸੀ।