ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਚਾਚਰੋਂ ’ਚ ਇਕ 15 ਸਾਲਾ ਹਿੰਦੂ ਲੜਕੇ ਦਾ ਕਤਲ ਕਰ ਕੇ ਉਸ ਦੀ ਲਾਸ਼ ਪਿੰਡ ਦੇ ਬਾਹਰ ਇਕ ਦਰੱਖਤ ਨਾਲ ਲਟਕਾ ਦਿੱਤੇ ਜਾਣ ਨਾਲ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂ ਪਿੰਡ ਚਾਚਰੋਂ ਦੇ ਲੋਕ ਸੌਂ ਕੇ ਉੱਠੇ ਤਾਂ ਲੋਕਾਂ ਨੇ ਪਿੰਡ ਦੇ ਬਾਹਰ ਇਕ ਦਰੱਖਤ ’ਤੇ ਇਕ ਲਾਸ਼ ਨੂੰ ਲਟਕਦੇ ਹੋਏ ਵੇਖਿਆ।
ਮ੍ਰਿਤਕ ਦੀ ਪਛਾਣ ਜਦ 15 ਸਾਲਾ ਹਿੰਦੂ ਲੜਕੇ ਨੰਦ ਲਾਲ ਦੇ ਤੌਰ ’ਤੇ ਹੋਈ ਤਾਂ ਪਿੰਡ ’ਚ ਹਿੰਦੂ ਫਿਰਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਹਿੰਦੂ ਫਿਰਕੇ ਦੇ ਲੋਕ ਮੌਕੇ ’ਤੇ ਪਹੁੰਚੇ। ਮ੍ਰਿਤਕ ਨੰਦ ਲਾਲ ਦੇ ਪਿਤਾ ਰਾਮ ਕਿਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਪਿੰਡ ਦੇ ਹੀ ਕੁਝ ਮੁਸਲਿਮ ਨੌਜਵਾਨ ਨੰਦ ਲਾਲ ਨੂੰ ਘਰ ਤੋਂ ਬੁਲਾ ਕੇ ਲੈ ਗਏ ਸਨ, ਜਦੋਂ ਨੰਦ ਲਾਲ ਘਰ ਵਾਪਸ ਨਹੀਂ ਆਇਆ ਤਾਂ ਇਸ ਦੀ ਜਾਣਕਾਰੀ ਪਿੰਡ ਦੇ ਮੁਖੀ ਨੂੰ ਦਿੱਤੀ ਸੀ । ਰਾਮ ਕਿਸ਼ਨ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਨੰਦ ਲਾਲ ’ਤੇ ਮੁਸਲਿਮ ਨੌਜਵਾਨ ਧਰਮ ਪਰਿਵਰਤਨ ਕਰਕੇ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਹੇ ਸਨ।