ਹਿਮਾਚਲ (ਦੇਵ ਇੰਦਰਜੀਤ) : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਲੰਘੇੇ ਬੁੱਧਵਾਰ ਨੂੰ ਪਹਾੜੀ ਤੋਂ ਚੱਟਾਨਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ਵਿਚ ਕਈ ਵਾਹਨਾਂ ਦੇ ਮਲਬੇ ’ਚ ਦੱਬੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 23 ਹੋ ਗਈ ਹੈ। ਹਾਦਸੇ ਵਿਚ 9 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 6 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ।
ਅਧਿਕਾਰੀ ਮੁਤਾਬਕ ਬਚਾਅ ਅਤੇ ਤਲਾਸ਼ੀ ਮੁਹਿੰਮ ਦੇ ਚੌਥੇ ਦਿਨ ਸ਼ਨੀਵਾਰ ਨੂੰ ਮਿ੍ਰਤਕਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਸੂਬਾ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਨਿਚਾਰ ਤਹਿਸੀਲ ’ਚ ਨੈਸ਼ਨਲ ਹਾਈਵੇਅ-5 ’ਤੇ ਚੌਰਾ ਪਿੰਡ ਵਿਚ ਮਲਬੇ ਹੇਠੋਂ 6 ਹੋਰ ਲਾਸ਼ਾਂ ਕੱਢੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਬਾਕੀ 9 ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਮੁਹਿੰਮ ਜਾਰੀ ਹੈ।
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਵਾਪਰੇ ਇਸ ਹਾਦਸੇ ਵਿਚ ਇਕ ਬੱਸ (ਰਿਕਾਂਗਪੀਓ-ਸ਼ਿਮਲਾ), 2 ਕਾਰਾਂ, ਇਕ ਟਾਟ ਸੁਮੋ ਅਤੇ ਇਕ ਟਰੱਕ ਸਮੇਤ ਕੁਝ ਵਾਹਨ ਮਲਬੇ ’ਚ ਦੱਬੇ ਗਏ ਸਨ। ਹਾਦਸੇ ਮਗਰੋਂ ਐੱਨ. ਡੀ. ਆਰ. ਐੱਫ, ਆਈ. ਟੀ. ਬੀ. ਪੀ, ਸਥਾਨਕ ਪੁਲਸ ਅਤੇ ਹੋਮਗਾਰਡਸ ਨੇ ਬਚਾਅ ਅਤੇ ਰਾਹਤ ਕੰਮ ਸ਼ੁਰੂ ਕੀਤਾ। ਆਪਰੇਸ਼ਨ ਵਿਚ 13 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ, ਜਿਨ੍ਹਾਂ ’ਚ 11 ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਪਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ।
ਪਹਿਲੇ ਦਿਨ 2 ਲਾਸ਼ਾਂ ਮਿਲੀਆਂ ਸਨ, ਦੂਜੇ ਦਿਨ 10 ਅਤੇ ਕੱਲ੍ਹ 3 ਹੋਰ ਲਾਸ਼ਾਂ ਮਿਲੀਆਂ ਸਨ। ਅੱਜ 6 ਲਾਸ਼ਾਂ ਮਲਬੇ ਹੇਠੋਂ ਕੱਢੀਆਂ ਗਈਆਂ ਹਨ। ਹੁਣ ਤੱਕ 23 ਲਾਸ਼ਾਂ ਮਿਲ ਚੁੱਕੀਆਂ ਹਨ, ਇਨ੍ਹਾਂ ’ਚੋਂ 18 ਮਿ੍ਰਤਕਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ 5 ਦੀ ਸ਼ਨਾਖ਼ਤ ਹੋਣੀ ਬਾਕੀ ਹੈ। ਹਾਦਸੇ ਵਿਚ 9 ਲੋਕ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ।