ਪੱਤਰ ਪ੍ਰੇਰਕ : ਹਿਮਾਚਲ ਵਿੱਚ ਬਹੁਮਤ ਦੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਰਾਜ ਸਭਾ ਚੋਣਾਂ ਹਾਰ ਗਈ। ਕਾਂਗਰਸ ਦੇ 6 ਵਿਧਾਇਕਾਂ ਅਤੇ 3 ਆਜ਼ਾਦ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ, ਜਿਸ ਕਾਰਨ ਭਾਜਪਾ ਉਮੀਦਵਾਰ ਹਰਸ਼ ਮਹਾਜਨ ਅਤੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ 34-34 ਵੋਟਾਂ ਮਿਲੀਆਂ। ਜਿਸ ਤੋਂ ਬਾਅਦ ਲਾਟਰੀ ਸਿਸਟਮ ਰਾਹੀਂ ਭਾਜਪਾ ਦੇ ਹਰਸ਼ ਮਹਾਜਨ ਜਿੱਤ ਗਏ। ਉਦੋਂ ਤੋਂ ਹੀ ਸੁੱਖੂ ਸਰਕਾਰ ਵਿੱਚ ਸਿਆਸੀ ਹੰਗਾਮਾ ਜਾਰੀ ਹੈ। ਜਿੱਥੇ ਕਾਂਗਰਸ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਭਾਜਪਾ ਅੰਦਰੋਂ ਸੱਤਾ ਹਾਸਲ ਕਰਨ ਲਈ ਗਣਿਤ ਤੈਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿਚਾਲੇ ਸੁੱਖੂ ਕੈਬਨਿਟ ਚੋਂ ਇੱਕ ਮੰਤਰੀ ਵਲੋਂ ਅਸਤੀਫਾ ਦੇ ਦਿੱਤਾ ਗਿਆ।
ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ, 'ਅਸੀਂ ਪਾਰਟੀ ਦਾ ਹਰ ਹਾਲ 'ਚ ਸਮਰਥਨ ਕੀਤਾ ਹੈ। ਕੱਲ੍ਹ ਵੀ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਸਨ, ਪਰ ਅਸੀਂ ਪਾਰਟੀ ਹਾਈਕਮਾਂਡ ਦੇ ਨਾਲ ਹੀ ਰਹੇ। ਮੈਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਾਂਗਾ, ਜੋ ਲਕਸ਼ਮਣ ਰੇਖਾ ਨੂੰ ਪਾਰ ਕਰੇ। ਪਰ, ਇਸ ਸਮੇਂ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਮੈਂ ਅੱਜ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੌਂਪਾਂਗਾ। ਆਉਣ ਵਾਲੇ ਸਮੇਂ ਵਿੱਚ, ਮੈਂ ਸਹੀ ਦਾ ਸਮਰਥਨ ਕਰਾਂਗਾ ਅਤੇ ਜੋ ਗਲਤ ਹੈ ਉਸਦਾ ਵਿਰੋਧ ਕਰਾਂਗਾ।'
ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ, "ਮੈਂ ਕਿਸੇ ਦੇ ਦਬਾਅ 'ਚ ਨਹੀਂ ਆਉਣਾ। ਜੇਕਰ ਕੋਈ ਮੈਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਮੈਨੂੰ ਦਬਾਇਆ ਨਹੀਂ ਜਾਵੇਗਾ। ਮੈਂ ਹਮੇਸ਼ਾ ਸਹੀ ਦਾ ਸਮਰਥਨ ਕੀਤਾ ਹੈ ਅਤੇ ਹਮੇਸ਼ਾ ਗਲਤ ਦਾ ਵਿਰੋਧ ਕੀਤਾ ਹੈ। ਮੰਤਰੀ ਹੁੰਦਿਆਂ ਵੀ ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ। ਮੈਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਰਕਾਰ ਨੂੰ ਵੀਰਭੱਦਰ ਸਿੰਘ ਦਾ ਬੁੱਤ ਲਗਾਉਣ ਲਈ ਦੋ ਗਜ਼ ਜ਼ਮੀਨ ਵੀ ਨਹੀਂ ਮਿਲੀ।"
ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਸੀਐਮ ਸੁਖਵਿੰਦਰ ਸਿੰਘ ਸੁੱਖੂ ਅਤੇ ਪ੍ਰਿਅੰਕਾ ਗਾਂਧੀ ਨਾਲ ਵਾਰ-ਵਾਰ ਗੱਲ ਕਰਨ ਦੇ ਬਾਵਜੂਦ ਮੇਰੀ ਗੱਲ ਨਹੀਂ ਸੁਣੀ ਗਈ। ਪਾਰਟੀ ਹਾਈਕਮਾਂਡ ਨੂੰ ਇਹ ਦੱਸਣ ਦੇ ਬਾਵਜੂਦ ਮੇਰੀ ਗੱਲ ਨਹੀਂ ਸੁਣੀ ਗਈ। ਹਰ ਗੱਲ ਨੂੰ ਸਿਆਸਤ ਨਾਲ ਨਹੀਂ ਤੋਲਿਆ ਜਾਣਾ ਚਾਹੀਦਾ। ਅੱਜ ਮੈਂ ਬੱਸ ਇਹ ਕਹਿਣਾ ਚਾਹੁੰਦਾ ਹਾਂ। ਅਸੀਂ ਹਰ ਕਦਮ 'ਤੇ ਪਾਰਟੀ ਦਾ ਸਾਥ ਦਿੱਤਾ ਹੈ। ਪਿਛਲੇ ਦਿਨ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਸੀ ਪਰ ਫਿਰ ਵੀ ਅਸੀਂ ਪਾਰਟੀ ਦਾ ਹਰ ਕਦਮ 'ਤੇ ਸਾਥ ਦਿੱਤਾ। ਮੈਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗਾ ਜਿਸ ਕਾਰਨ ਕਿਸੇ ਨੂੰ ਸੱਟ ਲਗੇ।'