ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ 'ਚ ਸਰੀਰ ਨੂੰ ਨਿੱਘ ਦੇਣ ਵਾਲੀ ਧੁੱਪ ਵਿਚ ਹੁਣ ਨਿਕਲਣ ਨੂੰ ਵੀ ਦਿਲ ਨਹੀਂ ਕਰਦਾ। ਇਹ ਧੁੱਪ ਕਿਤੇ ਤੁਹਾਡੀ ਖ਼ੂਬਸੂਰਤੀ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਕਿਉਂਕਿ ਗਰਮੀਆਂ ਵਿਚ ਤੇਲ ਵਾਲੀਆਂ ਗ੍ਰੰਥੀਆਂ ਵੱਧ ਸਰਗਰਮ ਹੋਣ ਅਤੇ ਪਸੀਨਾ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ।
ਚਮੜੀ ਤੇਲ ਮੁਕਤ ਰਹੇ, ਇਸ ਲਈ ਕੁਦਰਤੀ ਗੁਣਾਂ ਨਾਲ ਭਰੇ ਹੋਏ ਫ਼ੇਸ ਵਾਸ਼ ਨਾਲ ਬਾਕਾਇਦਗੀ ਨਾਲ ਸਫ਼ਾਈ ਕਰੋ। ਕਦੇ ਵੀ ਗਲੈਸਰੀਨ ਵਾਲੇ ਸਾਬਣ ਦੀ ਵਰਤੋਂ ਨਾ ਕਰੋ। ਤੇਲ ਵਾਲੀ ਚਮੜੀ ਦੀ ਕਲੀਨਜ਼ਿੰਗ ਅਹਿਮ ਹੁੰਦੀ ਹੈ। ਕਲੀਨਜ਼ਿੰਗ ਨਾਲ ਚਮੜੀ ’ਤੇ ਜੰਮੀ ਹੋਈ ਮਿੱਟੀ, ਮੇਕਅਪ ਆਦਿ ਹੱਟ ਜਾਂਦੇ ਹਨ ਅਤੇ ਚਮੜੀ ਦੇ ਸੁਰਾਖ਼ ਸਾਫ਼ ਹੋ ਜਾਂਦੇ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ ਚਮੜੀ ਸਾਫ਼ ਕਰਨਾ ਨਾ ਭੁੱਲੋ। ਇਸ ਨਾਲ ਚਮੜੀ ’ਤੇ ਫੋੜੇ ਫਿਨਸੀਆਂ ਅਤੇ ਕਾਲੇ ਧੱਬੇ ਨਹੀਂ ਬਣਨਗੇ। ਅਜਿਹੀ ਚਮੜੀ ਵਾਲਿਆਂ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਕਿਉਂਕਿ ਤਣਾਅ ਤੇਲ ਵਾਲੀ ਚਮੜੀ ਨੂੰ ਪ੍ਰਭਾਵਤ ਕਰਦਾ ਹੈ। ਤਣਾਅ ਮੁਕਤ ਰਹਿਣ ਲਈ ਤੁਸੀ ਯੋਗਾ ਅਤੇ ਮੈਡੀਟੇਸ਼ਨ ਕਰ ਸਕਦੇ ਹੋ।
ਚਮੜੀ ਦੇ ਸੀਬਮ ਆਇਲ ਨੂੰ ਕਾਬੂ ਹੇਠ ਕਰਨ ਲਈ ਵੱਧ ਤੇਲ-ਮਸਾਲੇ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਤੇਲ ਵਾਲੀਆਂ ਗ੍ਰੰਥੀਆਂ ਨੂੰ ਰੋਕਣ ਲਈ ਫ਼ਾਈਬਰ ਵਾਲਾ ਖਾਣਾ ਖਾਉ। ਸਵੇਰੇ-ਸ਼ਾਮ ਪਲੇਟ ਸਲਾਦ ਜ਼ਰੂਰ ਖਾਉ।ਖਾਣੇ ਵਿਚ ਵਿਟਾਮਿਨ ਸੀ ਦੀ ਮਾਤਰਾ ਵਧਾਉ ਜਿਵੇਂ ਨਿੰਬੂ, ਸੰਤਰਾ ਅਤੇ ਆਂਵਲਾ ਆਦਿ ਖਾਉ।