ਨਵੀਂ ਦਿੱਲੀ (ਰਾਘਵ) : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਤਾਪਮਾਨ ਲਗਾਤਾਰ 45 ਤੋਂ ਉਪਰ ਹੈ, ਲੋਕ ਹੀਟਵੇਵ ਅਤੇ ਕੜਕਦੀ ਗਰਮੀ ਤੋਂ ਪ੍ਰੇਸ਼ਾਨ ਹਨ। ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਭਿਆਨਕ ਗਰਮੀ ਤੋਂ ਫੌਰੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ 5 ਦਿਨਾਂ ਤੱਕ ਯਾਨੀ ਸੋਮਵਾਰ ਤੱਕ ਹੀਟ ਵੇਵ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਝਾਰਖੰਡ ਅਤੇ ਉੜੀਸਾ ਦੇ ਕੁਝ ਹਿੱਸਿਆਂ ਵਿੱਚ ਲੂ ਚਲਣ ਦੀ ਸੰਭਾਵਨਾ ਹੈ।
ਜੇਕਰ ਮੀਂਹ ਦੀ ਗੱਲ ਕਰੀਏ ਤਾਂ ਅਗਲੇ 24 ਘੰਟਿਆਂ ਦੌਰਾਨ ਦੱਖਣੀ ਕੋਂਕਣ ਗੋਆ, ਦੱਖਣੀ ਮੱਧ ਮਹਾਰਾਸ਼ਟਰ, ਮਰਾਠਵਾੜਾ, ਤੇਲੰਗਾਨਾ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੱਟਵਰਤੀ ਖੇਤਰਾਂ ਕਰਨਾਟਕ, ਕੇਰਲ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਲਕਸ਼ਦੀਪ, ਸਿੱਕਮ ਅਤੇ ਪੱਛਮੀ ਅਸਾਮ ਦੇ ਕੁਝ ਹਿੱਸਿਆਂ ਵਿੱਚ ਅਲੱਗ-ਅਲੱਗ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।