by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪਿੰਡ ਰੋਸਿਆਣਾ ਵਿਖੇ ਉੱਬਲਦੇ ਪਾਣੀ ਦੀ ਬਾਲਟੀ 'ਚ ਡਿੱਗਣ ਨਾਲ ਡੇਢ ਸਾਲਾ ਮਾਸੂਮ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਮਨਵੀਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਮਨਵੀਰ ਸਿੰਘ ਦੀ ਮਾਂ ਉਸ ਨੂੰ ਨਹਾਉਣ ਲਈ ਬਾਲਟੀ 'ਚ ਬਿਜਲੀ ਦੀ ਰਾਡ ਨਾਲ ਪਾਣੀ ਗਰਮ ਕਰ ਰਹੀ ਸੀ। ਇਸ ਦੌਰਾਨ ਪਾਣੀ ਗਰਮ ਹੋਣ ਤੋਂ ਬਾਅਦ ਮਾਂ ਬਿਜਲੀ ਦੀ ਰਾਡ ਕਮਰੇ 'ਚ ਰੱਖਣ ਗਈ ਤਾਂ ਬਾਲਟੀ ਫੜ੍ਹ ਕੇ ਖੜ੍ਹਾ ਮਨਵੀਰ ਸਿੰਘ ਬਾਲਟੀ 'ਚ ਡਿੱਗ ਗਿਆ । ਉੱਬਲਦੇ ਪਾਣੀ 'ਚ ਡਿੱਗਣ ਕਾਰਨ ਮਨਵੀਰ ਸਿੰਘ ਬੁਰੀ ਤਰਾਂ ਝੁਲਸ ਗਿਆ। ਮੌਕੇ 'ਤੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਿੱਥੇ ਉਸ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ, ਡਾਕਟਰਾਂ ਨੇ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਜਾ ਕੇ ਉਸ ਨੇ ਦਮ ਤੋੜ ਦਿੱਤਾ।