ਪੰਜਾਬ ‘ਚ ਗਰਮੀ ਨੂੰ ਲੈ ਕੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

by nripost

ਹੁਸ਼ਿਆਰਪੁਰ (ਰਾਘਵ)|: ਆਉਣ ਵਾਲੇ ਦਿਨਾਂ ਵਿਚ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਦਿਨ ਦਾ ਤਾਪਮਾਨ ਵੱਧਣ ਦੇ ਆਸਾਰ ਹਨ। ਇਸ ਵਾਰ ਗਰਮੀ ਦੇ ਸ਼ੁਰੂਆਤੀ ਮੌਸਮ ਵਿਚ ਹੀ ਤਾਪਮਾਨ ਵਿਚ ਤੇਜ਼ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਚਾਓ ਸਬੰਧੀ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਾ. ਪਵਨ ਕੁਮਾਰ ਨੇ ਕਿਹਾ ਕਿ ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬੀਮਾਰੀਆਂ ਦਾ ਕਾਰਨ ਬਣਦਾ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਕਰਕੇ ਉਨ੍ਹਾਂ ਲੋਕਾਂ, ਜਿਹੜੇ ਜ਼ੋਖਮ ਸ਼੍ਰੇਣੀ ਵਿਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੂ-ਲੱਗਣ ਦੇ ਲੱਛਣਾਂ ਵਿਚ ਸਰੀਰ ਦਾ ਤਾਪਮਾਨ 40° ਡਿਗਰੀ ਤੋਂ ਵੱਧਣਾ, ਬੇਹੋਸ਼ੀ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖ਼ੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ਼ ਸਿਰ ਦਰਦ, ਉਲਟੀ ਆਉਣਾ ਆਦਿ ਸ਼ਾਮਲ ਹਨ।

ਸਿਵਲ ਸਰਜਨ ਨੇ ਕਿਹਾ ਇਸ ਸਥਿਤੀ ਵਿਚ ਮਰੀਜ਼ ਨੂੰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਅਤੇ ਘੱਟ ਕਰਨੇ, ਠੰਡੀ ਜਗ੍ਹਾ ’ਤੇ ਲੈ ਕੇ ਜਾਣਾ, ਬਰਫ਼/ਆਈਸ ਪੈਕ ਸਰੀਰ ’ਤੇ ਰੱਖਣਾ ਤਾਂ ਜ਼ਰੂਰੀ ਹਨ ਹੀ, ਇਸ ਦੇ ਨਾਲ ਹੀ ਮਰੀਜ਼ ਨੂੰ ਤੁਰੰਤ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ਼ ਨੂੰ ਵਾਤਾਵਰਣ ਦੇ ਅਨੁਕੂਲ ਵਾਹਨ ਵਿਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿਚ ਦੇਰੀ ਹੋ ਜਾਵੇ ਤਾਂ ਸਥਿਤੀ ਜ਼ੋਖਿਮ ਭਰੀ ਹੋ ਸਕਦੀ ਹੈ। ਡਾ. ਪਵਨ ਨੇ ਕਿਹਾ ਕਿ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ। ਗਰਮੀ ਦੇ ਮੌਸਮ ਵਿਚ ਪਾਣੀ ਉੱਚਿਤ ਮਾਤਰਾ ਵਿਚ ਪੀਓ, ਪਾਣੀ ਦੀ ਬੋਤਲ ਹਮੇਸ਼ਾ ਨਾਲ ਰੱਖੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ. ਆਰ. ਐੱਸ. ਅਤੇ ਹੋਰ ਤਰਲ ਪਦਾਰਥ ਸਰੀਰ ਵਿਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਦੇ ਹਨ। ਡਾ. ਜਗਦੀਪ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ’ਤੇ ਬੀਮਾਰ ਹਨ, ਖ਼ਾਸ ਕਰਕੇ ਜਿਨ੍ਹਾਂ ਨੂੰ ਦਿਲ ਦੀ ਬੀਮਾਰੀ ਜਾਂ ਹਾਈ ਬਲੱਡ ਪ੍ਰੈੱਸ਼ਰ ਹੈ, ਅਨਿਯੰਤ੍ਰਿਤ ਸ਼ੂਗਰ, ਜ਼ਿਆਦਾ ਸ਼ਰਾਬ ਪੀਣਾ, ਧੁੱਪ ਵਿਚ ਕੰਮ ਕਰਨ ਵਾਲੇ ਮਜ਼ਦੂਰ, ਖਿਡਾਰੀ, ਗਰਮੀ ਅਨੁਸਾਰ ਕੱਪੜੇ ਨਾ ਪਾਉਣ ਵਾਲੇ ਲੋਕਾਂ ਵਿਚ ਲੂ ਲੱਗਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।