ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਅੰਦਰ ਹੜਕੰਪ

by mediateam

ਬਠਿੰਡਾ (ਇੰਦਰਜੀਤ ਸਿੰਘ) : ਪੰਜਾਬ ਅੰਦਰ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਅੰਦਰ ਹੜਕੰਪ ਮਚ ਗਿਆ ਹੈ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਹਾਲ ਵਿਚ ਹੀ ਕੈਨੇਡਾ ਤੋਂ ਆਇਆ ਇਕ ਵਿਅਕਤੀ ਜਾਂਚ ਲਈ ਹਸਪਤਾਲ ਪੁੱਜਾ ਤੇ ਡਾਕਟਰਾਂ ਨੂੰ ਉਸ ਅੰਦਰ ਕਰੋਨਾ ਵਾਇਰਸ ਦੇ ਲੱਛਣ ਮਿਲੇ। ਸ਼ੱਕੀ ਮਰੀਜ਼ ਕੋਟਕਪੂਰਾ ਦਾ ਰਹਿਣ ਵਾਲਾ ਹੈ ਤੇ ਹਾਲ 'ਚ ਉਹ ਕੈਨੇਡਾ ਤੋਂ ਵਾਇਆ ਚਾਇਨਾ ਭਾਰਤ ਪੁੱਜਾ ਹੈ। ਉਸ ਦੀ ਫਲਾਇਟ ਚਾਇਨਾ ਦੇ ਸ਼ੰਘਾਈ ਹਵਾਈ ਅੱਡੇ ’ਤੇ ਕਰੀਬ ਨੌਂ ਘੰਟੇ ਰੁਕੀ ਰਹੀ ਹੈ। 

ਡਾਕਟਰਾਂ ਨੇ ਉਸ ਨੂੰ ਇਸ ਸਬੰਧੀ ਦੱਸਦਿਆਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਪਰ ਉਕਤ ਵਿਅਕਤੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਾਮਲਾ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਤਰੁੰਤ ਐੱਸਐੱਸਪੀ ਨੂੰ ਐਮਰਜੈਂਸੀ ਪੱਤਰ ਭੇਜ ਕੇ ਉਕਤ ਵਿਅਕਤੀ ਨੂੰ ਹਿਰਾਸਤ 'ਚ ਲੈਣ ਲਈ ਕਿਹਾ ਹੈ ਤਾਂ ਜੋ ਉਸ ਨੂੰ ਵੱਖਰੇ ਵਾਰਡ 'ਚ ਰੱਖ ਕੇ ਉਸ ਦਾ ਇਲਾਜ ਕੀਤਾ ਜਾ ਸਕੇ। ਉਕਤ ਵਿਅਕਤੀ ਕਰੀਬ ਨੌਂ ਘੰਟੇ ਤਕ ਚਾਇਨਾ ਹਵਾਈ ਅੱਡੇ ਵਿਚ ਘੁੰਮਦਾ ਰਿਹਾ ਹੈ। ਪੰਜਾਬ 'ਚ ਕਰੋਨਾ ਵਾਇਰਸ ਦਾ ਇਹ ਪਹਿਲਾ ਸ਼ੱਕੀ ਮਾਮਲਾ ਹੈ।