ਨਿਊਜ਼ ਡੈਸਕ (ਰਿੰਪੀ ਸ਼ਰਮਾ ): ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਦੁਬਈ ਤੇ ਮਸਕਟ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਗਰੀਬ ਘਰ ਦੀਆਂ ਕੁੜੀਆਂ ਨੂੰ ਅਮੀਰ ਪਰਿਵਾਰਾਂ ਦੇ ਘਰਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦੀ ਦੁਬਈ 'ਚ ਰਹਿੰਦੀ ਕੁੜੀ ਆਪਣੇ ਘਰ ਪਹੁੰਚੀ ਤੇ ਉਸ ਨੇ ਆਪਣੇ ਮਾਪਿਆਂ ਨੂੰ ਸਾਰੀ ਹੱਡ ਬੀਤੀ ਦੱਸੀ।
ਕੁੜੀ ਨੇ ਦੋਸ਼ ਲਗਾਏ ਕਿ ਉਸ ਨੂੰ ਪਿੰਡ ਦੀ ਹੀ ਮਹਿਲਾ ਊਸ਼ਾ ਨੇ ਫਸਾ ਦਿੱਤਾ। ਉਕਤ ਮਹਿਲਾ ਨੇ ਪਹਿਲਾਂ ਉਸ ਨੂੰ ਆਪਣੇ ਕੋਲ ਦੁਬਈ ਬੁਲਾਇਆ ।ਦੁਬਈ ਪਹੁੰਚਣ 'ਤੇ ਕੁਝ ਦਿਨ ਆਪਣੇ ਕੋਲ ਰੱਖਿਆ ਤੇ ਕੁੱਟਮਾਰ ਕਰਦੀ ਰਹੀ ।ਫਿਰ ਉਸ ਨੇ ਮਸਕਟ ਦੇ ਕਿਸੇ ਪਰਿਵਾਰ ਨੂੰ ਵੇਚ ਦਿੱਤਾ ।ਪੀੜਤਾ 6 ਮਹੀਨੇ ਬਾਅਦ ਕਿਸੇ ਤਰਾਂ ਵਾਪਸ ਆਪਣੇ ਪਿੰਡ ਆਈ।
ਉਸ ਨੇ ਦੱਸਿਆ ਕਿ ਦੋਸ਼ੀ ਮਹਿਲਾ ਵਿਦੇਸ਼ ਬੈਠ ਕੇ ਵੱਡਾ ਗਿਰੋਹ ਨਾਲ ਕੁੜੀਆਂ ਤੇ ਮਹਿਲਾ ਨੂੰ ਆਪਣੇ ਕੋਲ ਬੁਲਾ ਕੇ ਵੇਚ ਰਹੀ ਹੈ ਤੇ ਉਸ ਕੋਲ ਹਾਲੇ ਵੀ ਕਈ ਕੁੜੀਆਂ ਫਸੀਆਂ ਹੋਈਆਂ ਹਨ। ਪੁਲਿਸ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕੁੜੀ ਨੇ ਸ਼ਿਕਾਇਤ ਦਿੱਤੀ ਕਿ ਜਨਵਰੀ 'ਚ ਉਸ ਨੂੰ ਦੁਬਈ ਵਿੱਚ ਰਹਿੰਦੀ ਪਿੰਡ ਦੀ ਊਸ਼ਾ ਰਾਣੀ ਨੇ ਕਈ ਵਾਰ ਫੋਨ ਕੀਤਾ ਤੇ ਕਿਹਾ ਕਿ ਦੁਬਈ ਆ ਜਾਵੇ ,ਉਹ ਚੰਗੀ ਨੌਕਰੀ ਲਗਵਾ ਦੇਵੇਗੀ।
ਉਸ ਨੇ ਕਿਹਾ ਮੇਰਾ ਕੁਵੈਤ ਦਾ ਵੀਜ਼ਾ ਲੱਗਾ ਹੈ ਪਰ ਉਹ ਨਹੀ ਮੰਨੀ। ਆਪਣੇ ਭਰਾ ਬੱਲੂ ਤੇ ਮਾਤਾ ਗੀਤਾ ਨਾਲ ਮਿਲਣ ਨੂੰ ਕਿਹਾ ਜਦੋ ਉਨ੍ਹਾਂ ਨੂੰ ਮਿਲਣ ਗਈ ਤਾਂ ਗੱਲਾਂ ਵਿੱਚ ਆ ਕੇ 30 ਹਜਾਰ ਰੁਪਏ ਦੇ ਦਿੱਤੇ। ਕੁਝ ਸਮੇ ਬਾਅਦ ਉਹ ਦੁਬਈ ਚੱਲੀ ਗਈ, ਉੱਥੇ ਕਾਫੀ ਦਿਨ ਊਸ਼ਾ ਕੋਲ ਰਹੀ ।ਇਸ ਦੌਰਾਨ ਕੋਈ ਕੰਮ ਨਹੀ ਦਿੱਤਾ ਤੇ ਕੁੱਟਮਾਰ ਕਰਨ ਲੱਗੀ।
ਮੈ ਊਸ਼ਾ ਨੂੰ ਕਿਹਾ ਕਿ ਮੈਨੂੰ ਘਰ ਵਾਪਸ ਭੇਜ ਦਿਓ ਤਾਂ ਉਸ ਨੇ 2 ਲੱਖ ਰੁਪਏ ਦੀ ਮੰਗ ਕੀਤੀ। ਵਿਰੋਧ ਕਰਨ 'ਤੇ ਧੱਕੇ ਨਾਲ ਮੈਨੂੰ ਮਸਕਟ ਭੇਜ ਦਿੱਤਾ ਤੇ ਨੀਜ਼ਾਂ ਨਾਮ ਦੀ ਮਹਿਲਾ ਘਰ ਬੰਧਕ ਬਣਾ ਕੇ ਰੱਖਿਆ। ਸਾਰਾ ਦਿਨ ਕੰਮ ਕਰਵਾਉਣ ਤੋਂ ਬਾਅਦ ਵੀ ਕੁੱਟਮਾਰ ਕੀਤੀ ਜਾਂਦੀ ਸੀ। ਇੱਕ ਦਿਨ ਉਸ ਨੂੰ ਪਤਾ ਲਗਾ ਕਿ ਉਸ ਨੂੰ ਵੇਚ ਦਿੱਤਾ ਗਿਆ ਹੈ।
ਜਿਸ ਤੋਂ ਬਾਅਦ ਉਹ ਘਰੋਂ ਭੱਜ ਕੇ ਗੁਰੂਦੁਆਰਾ ਸਾਹਿਬ ਚੱਲੀ ਗਈ ,ਉੱਥੇ ਉਸ ਨੇ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸਾਰੀ ਗੱਲ ਦੱਸੀ। ਜਿਨ੍ਹਾਂ ਨੇ ਪਾਸਪੋਰਟ ਦਿਵਾ ਕੇ ਭਾਰਤ ਪਹੁੰਚਣ ਵਿੱਚ ਉਸ ਦੀ ਮਦਦ ਕੀਤੀ ।ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।