ਵੈੱਬ ਡੈਸਕ (ਸਾਹਿਬ) - ਪਾਕਿਸਤਾਨ ਚੈਂਪੀਅਨਸ ਟਰਾਫੀ 2025 ਲਈ ਲਗਾਤਾਰ ਤਿਆਰੀਆਂ ਕਰ ਰਿਹਾ ਹੈ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਅਗਲੇ ਸਾਲ ਫਰਵਰੀ 'ਚ ਕਰੇਗਾ। ਇਸ ਦੇ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਪੈਸੇ ਬਚਾਉਣ ਲਈ ਪੀਸੀਬੀ ਨੇ ਨਵੀਆਂ ਫਲੱਡ ਲਾਈਟਾਂ ਨੂੰ ਖਰੀਦਣ ਦੀ ਬਜਾਏ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਪਾਕਿਸਤਾਨ ਨੂੰ ਚੈਂਪੀਅਨ ਟਰਾਫੀ ਲਈ ਨਵੀਆਂ ਫਲੱਡ ਲਾਈਟਾਂ ਲਗਾਉਣੀਆਂ ਹਨ ਅਤੇ ਉਹ ਇਸ ਦੀ ਯੋਜਨਾ ਬਣਾ ਰਿਹਾ ਹੈ।
ਪੈਸੇ ਬਚਾਉਣ ਲਈ ਪਾਕਿਸਤਾਨ ਕ੍ਰਿਕਟ ਬੋਰਡ ਨੇ ਨਵੀਂ ਫਲੱਡ ਲਾਈਟਾਂ ਖਰੀਦਣ ਦੀ ਬਜਾਏ ਉਨ੍ਹਾਂ ਨੂੰ ਇਕ ਸਾਲ ਲਈ ਕਿਰਾਏ 'ਤੇ ਲੈਣ ਦਾ ਫੈਸਲਾ ਕੀਤਾ ਹੈ। ਪੀਸੀਬੀ ਨੇ ਕਰਾਚੀ ਅਤੇ ਲਾਹੌਰ ਦੇ ਮੈਦਾਨਾਂ ਲਈ ਫਲੱਡ ਲਾਈਟਾਂ ਨੂੰ ਇਕ ਸਾਲ ਲਈ ਕਿਰਾਏ 'ਤੇ ਲੈਣ ਲਈ ਟੈਂਡਰ ਮੰਗੇ ਹਨ। ਇਸ ਤੋਂ ਇਲਾਵਾ ਸਥਾਨਕ ਮੀਡੀਆ ਨੇ ਦੱਸਿਆ ਕਿ ਕਰਾਚੀ ਅਤੇ ਲਾਹੌਰ ਦੇ ਮੈਦਾਨਾਂ ਵਿਚ ਪਹਿਲਾਂ ਤੋਂ ਹੀ ਲਗਾਈਆਂ ਗਈਆਂ ਪੁਰਾਣੀਆਂ ਫਲੱਡ ਲਾਈਟਾਂ ਨੂੰ ਹਟਾ ਕੇ ਕਵੇਟਾ ਅਤੇ ਰਾਵਲਪਿੰਡੀ ਦੇ ਸਟੇਡੀਅਮਾਂ ਵਿਚ ਲਗਾਇਆ ਜਾ ਰਿਹਾ ਹੈ।
ਇੰਨਾ ਹੀ ਨਹੀਂ ਪਾਕਿ ਬੋਰਡ ਨੇ ਜਨਰੇਟਰ ਕਿਰਾਏ 'ਤੇ ਲੈਣ ਦੀ ਵੀ ਪੇਸ਼ਕਸ਼ ਕੀਤੀ ਹੈ। ਪੀਸੀਬੀ ਨੇ ਕਰਾਚੀ, ਲਾਹੌਰ, ਰਾਵਲਪਿੰਡੀ, ਮੁਲਤਾਨ, ਫੈਸਲਾਬਾਦ, ਐਬਟਾਬਾਦ, ਕਵੇਟਾ, ਪੇਸ਼ਾਵਰ ਦੇ ਮੈਦਾਨਾਂ ਲਈ ਜਨਰੇਟਰ ਮੁਹੱਈਆ ਕਰਵਾਉਣ ਲਈ ਟੈਂਡਰ ਮੰਗੇ ਹਨ। ਸੂਤਰਾਂ ਨੇ ਦੱਸਿਆ ਕਿ ਜਦੋਂ ਤੋਂ ਉੱਥੇ ਲੋਡ ਸ਼ੈਡਿੰਗ ਦੀ ਸਮੱਸਿਆ ਵਧੀ ਹੈ, ਉਦੋਂ ਤੋਂ ਜਨਰੇਟਰਾਂ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਕਿ ਮੈਚ ਦੌਰਾਨ ਬਿਜਲੀ ਦਾ ਕੋਈ ਵਿਘਨ ਨਾ ਪਵੇ। ਪਾਕਿਸਤਾਨ ਕ੍ਰਿਕਟ ਬੋਰਡ ਦੀ ਇਸ ਸਥਿਤੀ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ 'ਤੇ ਨੇਟਿਜ਼ਨਸ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।