ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸਮਾਂ ਵਾਪਸ, ਕਮਿਸ਼ਨਰ ਨੇ ਦਿੱਤਾ ਇਹ ਕਾਰਨ

by jaskamal

ਪੱਤਰ ਪ੍ਰੇਰਕ : ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰੋਗਰਾਮ ਵਾਪਸ ਲੈ ਲਿਆ ਹੈ। ਚੋਣਾਂ ਦਾ ਇਹ ਸ਼ਡਿਊਲ ਇਕ ਦਿਨ ਪਹਿਲਾਂ ਭਾਵ ਵੀਰਵਾਰ ਨੂੰ ਹੀ ਜਾਰੀ ਕੀਤਾ ਗਿਆ ਸੀ। ਸ਼ਡਿਊਲ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਚੋਣਾਂ 6 ਮਾਰਚ ਨੂੰ ਹੋਣਗੀਆਂ, ਪਰ ਸੀਬੀਐੱਸਈ ਅਤੇ ਹਰਿਆਣਾ ਬੋਰਡ ਦੀਆਂ ਪ੍ਰੀਖਿਆਵਾਂ ਕਾਰਨ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਵੱਲੋਂ ਇਸ ਨੂੰ ਵਾਪਸ ਲੈ ਲਿਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ 6 ਮਾਰਚ ਨੂੰ ਚੋਣਾਂ ਵਾਲੇ ਦਿਨ ਸੀਬੀਐਸਈ ਅਤੇ ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਵਿਚਾਲੇ ਆ ਰਹੀਆਂ ਸਨ। ਇਸ ਸਬੰਧੀ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਸੈਕੰਡਰੀ ਸਿੱਖਿਆ ਦੇ ਡਾਇਰੈਕਟਰ ਨੇ ਚੋਣ ਕਮਿਸ਼ਨਰ ਜਸਟਿਸ ਐਚਐਸ ਭੱਲਾ ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਉਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰੋਗਰਾਮ ਵਾਪਸ ਲੈਣ ਦੀ ਮੰਗ ਕੀਤੀ ਹੈ।

ਜਸਟਿਸ ਭੱਲਾ ਨੇ ਕਿਹਾ ਕਿ ਡਾਇਰੈਕਟਰ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਵਿਦਿਆਰਥੀਆਂ ਦੇ ਹਿੱਤ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਸ਼ਡਿਊਲ ਵਾਪਸ ਲੈ ਲਿਆ ਗਿਆ ਹੈ। ਚੋਣ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।