ਨਿਊਜ਼ ਡੈਸਕ (ਜਸਕਮਲ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਸੂਬੇ ਭਰ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਭਗਵਦ ਗੀਤਾ ਦੇ 'ਸ਼ਲੋਕ' ਦਾ ਪਾਠ ਕਰਨਾ ਸਿਖਾਇਆ ਜਾਵੇਗਾ। ਇੱਥੇ ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਇਹ ਐਲਾਨ ਕੁਰੂਕਸ਼ੇਤਰ 'ਚ ਚੱਲ ਰਹੇ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੌਰਾਨ ਕੀਤਾ। ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ।
ਅੰਤਰਰਾਸ਼ਟਰੀ ਗੀਤਾ ਉਤਸਵ ਦੇ ਹਿੱਸੇ ਵਜੋਂ ਗੀਤਾ ਗਿਆਨ ਸੰਸਥਾਨਮ ਤੇ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਕਰਵਾਏ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਖੱਟਰ ਨੇ ਕਿਹਾ ਕਿ ਗੀਤਾ ਨਾਲ ਸਬੰਧਤ ਕਿਤਾਬਾਂ 5ਵੀਂ ਤੇ 7ਵੀਂ ਜਮਾਤ ਦੇ ਪਾਠਕ੍ਰਮ ਦਾ ਹਿੱਸਾ ਬਣ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਗੀਤਾ ਦੇ ਸਾਰ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਪਵਿੱਤਰ ਗ੍ਰੰਥ ਦਾ ਸੰਦੇਸ਼ ਕੇਵਲ ਅਰਜੁਨ ਲਈ ਨਹੀਂ ਬਲਕਿ ਸਾਡੇ ਸਾਰਿਆਂ ਲਈ ਦਿੱਤਾ ਗਿਆ ਹੈ।
ਖੱਟਰ ਨੇ ਕਿਹਾ ਕਿ ਸਾਲਾਨਾ ਅੰਤਰਰਾਸ਼ਟਰੀ ਗੀਤਾ ਮਹੋਤਸਵ ਦੇ ਪੈਮਾਨੇ ਨੂੰ ਵਧਾਉਣ ਲਈ ਅਗਲੇ ਸਾਲ ਤੋਂ ਗੀਤਾ ਜੈਅੰਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ। 205 ਕਰੋੜ ਰੁਪਏ ਦੀ ਲਾਗਤ ਨਾਲ ਜੋਤੀਸਰ ਦੇ 'ਗੀਤਸਥਲੀ' ਵਿਖੇ ਦੋ ਏਕੜ ਜ਼ਮੀਨ 'ਤੇ ਮਹਾਭਾਰਤ ਥੀਮ ਵਾਲਾ ਅਜਾਇਬ ਘਰ ਬਣਾਇਆ ਜਾ ਰਿਹਾ ਹੈ।ਇਸ ਇਮਾਰਤ 'ਚ ਸ਼੍ਰੀਮਦ ਭਗਵਦ ਗੀਤਾ, ਮਿਥਿਹਾਸਕ ਸਰਸਵਤੀ ਨਦੀ ਤੇ ਵੈਦਿਕ ਸਭਿਅਤਾ ਨੂੰ ਮਲਟੀਮੀਡੀਆ ਪ੍ਰਣਾਲੀਆਂ ਰਾਹੀਂ ਦਰਸਾਇਆ ਜਾਵੇਗਾ।