ਕਰਨਾਲ (ਦੇਵ ਇੰਦਰਜੀਤ) : ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਅੰਦੋਲਨਕਾਰੀਆਂ ਦੁਆਰਾ ਅੱਜ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਵਿਆਪਕ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਦਾ ਨੁਕਸਾਨ ਨਾ ਹੋ ਸਕੇ। ਪ੍ਰਸ਼ਾਸਨ ਦਾ ਇਰਾਦਾ ਹੈ ਕਿ ਗੱਲਬਾਤ ਨਾਲ ਇਸ ਦਾ ਹੱਲ ਕੱਢਿਆ ਜਾ ਸਕੇ।
ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੰਦੋਲਨਕਾਰੀਆਂ ਦੇ ਕਾਰਨ ਕਿਸੇ ਵੀ ਜਾਨਮਾਲ ਦੇ ਨੁਕਸਾਨ ਦੇ ਬਚਾਅ ਲਈ ਭਾਰੀ ਪੁਲਸ ਫੋਰਸ ਬੁਲਾਈ ਗਈ ਸੀ। ਅੰਦੋਲਨਕਾਰੀ ਕਿਸਾਨ ਨੇਤਾਵਾਂ ਨੂੰ ਸਵੇਰੇ ਹੀ ਗੱਲਬਾਤ ਲਈ ਮਿੰਨੀ ਸਕੱਤਰੇਤ ਵਿੱਚ ਸੱਦ ਲਿਆ ਗਿਆ ਸੀ। ਇਸ ਕਮੇਟੀ ਵਿੱਚ 15 ਨੇਤਾਵਾਂ ਨੇ ਹਿੱਸਾ ਲਿਆ। ਇਹ ਬੈਠਕ ਕਰੀਬ 3 ਘੰਟੇ ਤੱਕ ਚੱਲੀ ਪਰ ਇਹ ਬੈਠਕ ਸਫਲ ਨਹੀਂ ਹੋ ਸਕੀ।
ਗੱਲਬਾਤ ਅਸਫਲ ਹੋਣ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਮਹਾਪੰਚਾਇਤ ਥਾਂ ਨਵੀਂ ਅਨਾਜ ਮੰਡੀ ਵਿੱਚ ਜਾ ਕੇ ਆਪਣੇ ਫ਼ੈਸਲੇ ਅਨੁਸਾਰ ਮਿੰਨੀ ਸਕੱਤਰੇਤ ਦੇ ਘਿਰਾਓ ਲਈ ਆਉਣ ਦਾ ਫ਼ੈਸਲਾ ਲਿਆ। ਅੰਦੋਲਨਕਾਰੀ ਦੇ ਫ਼ੈਸਲੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨਮਸਤੇ ਚੌਂਕ 'ਤੇ ਉਨ੍ਹਾਂ ਦੀਆਂ ਗ੍ਰਿਫਤਾਰੀਆਂ ਕਰਨ ਲਈ ਪਹੁੰਚ ਗਏ।
ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ 'ਤੇ ਸਾਰੇ ਜੋ ਵੱਡੇ ਅੰਦੋਲਨਕਾਰੀ ਨੇਤਾ ਸਨ, ਉਨ੍ਹਾਂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਸੀ ਪਰ ਨੌਜਵਾਨ ਅੰਦੋਲਨਕਾਰੀਆਂ ਦੇ ਵਿਰੋਧ ਦੇ ਚੱਲਦੇ ਸਾਰੇ ਨੇਤਾ ਬੱਸ ਤੋਂ ਉਤਰ ਗਏ ਅਤੇ ਉਨ੍ਹਾਂ ਨੇ ਜ਼ਿਲ੍ਹਾ ਸਕੱਤਰੇਤ ਵੱਲ ਜਾਣਾ ਸ਼ੁਰੂ ਕਰ ਦਿੱਤਾ। ਸਕੱਤਰੇਤ ਤੱਕ ਜਾਣ ਲਈ ਪੁਲਸ ਨੇ ਕਈ ਨਾਕਿਆਂ 'ਤੇ ਬੈਰੀਕੇਡ ਲਗਾਏ ਸਨ।
ਸਾਰੇ ਬੈਰੀਕੇਡਾਂ 'ਤੇ ਭਾਰੀ ਪੁਲਸ ਫੋਰਸ ਤਾਇਨਾਤ ਸੀ। ਅੰਦੋਲਨਕਾਰੀਆਂ ਨੇ ਸਾਰੇ ਬੈਰੀਕੇਡ ਤੋੜ ਦਿੱਤੇ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਫੋਰਸ ਦੁਆਰਾ ਸਬਰ, ਸੰਜਮ ਅਤੇ ਸਮਝਦਾਰੀ ਦਿਖਾਉਂਦੇ ਹੋਏ ਅੰਦੋਲਨਕਾਰੀਆਂ ਨੂੰ ਜ਼ਿਲ੍ਹਾ ਸਕੱਤਰੇਤ ਤੱਕ ਜਾਣ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਵਾਰ-ਵਾਰ ਅਪੀਲ 'ਤੇ ਅੰਦੋਲਨਕਾਰੀ ਜ਼ਿਲ੍ਹਾ ਸਕੱਤਰੇਤ ਦੇ ਗੇਟ ਦੇ ਸਾਹਮਣੇ ਧਰਨੇ 'ਤੇ ਬੈਠੇ ਰਹੇ।