ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ ਵਿੱਚ ਕੀਵ ਨੂੰ ਛੱਡਣ ਦੀ ਕੋਸ਼ਿਸ਼ ਵਿੱਚ ਕਈ ਗੋਲੀਆਂ ਲੱਗਣ ਨਾਲ ਜ਼ਖਮੀ ਹੋਏ ਭਾਰਤੀ ਵਿਦਿਆਰਥੀ ਹਰਜੋਤ ਸਿੰਘ ਅੱਜ ਵਤਨ ਵਾਪਸੀ ਕਰਨਗੇ। ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ 'ਹਰਜੋਤ ਸਿੰਘ ਉਹ ਭਾਰਤੀ ਹੈ ਜਿਸ ਨੂੰ ਕੀਵ 'ਚ ਜੰਗ ਦੌਰਾਨ ਗੋਲ਼ੀ ਲੱਗ ਗਈ ਸੀ। ਹਫੜਾ-ਦਫੜੀ 'ਚ ਪਾਸਪੋਰਟ ਵੀ ਗੁੰਮ ਹੋ ਗਿਆ। ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹਰਜੋਤ ਸਾਡੇ ਨਾਲ ਭਾਰਤ ਪਹੁੰਚ ਰਿਹਾ ਹੈ। ਉਮੀਦ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ।'
ਹਰਜੋਤ ਦੇ ਭਰਾ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਰਜੋਤ ਨਾਲ ਕੋਈ ਗੱਲ ਨਹੀਂ ਹੋਈ। ਉਸਦਾ ਮੋਬਾਈਲ ਬੰਦ ਹੈ। ਉਨ੍ਹਾਂ ਨੂੰ ਇਸ ਬਾਰੇ ਕੇਂਦਰੀ ਮੰਤਰੀ ਦੇ ਟਵੀਟ ਅਤੇ ਮੀਡੀਆ ਰਾਹੀਂ ਹੀ ਜਾਣਕਾਰੀ ਮਿਲੀ ਹੈ। ਹਰਜੋਤ ਦਾ ਪਰਿਵਾਰ ਮੂਲ ਰੂਪ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਦਾ ਰਹਿਣ ਵਾਲਾ ਹੈ।ਜਿਕਰਯੋਗ ਹੈ ਕਿ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਚਲਾਏ ਜਾ ਰਹੇ ਆਪਰੇਸ਼ਨ ਗੰਗਾ ਤਹਿਤ ਹੁਣ ਤਕ 15,920 ਭਾਰਤੀਆਂ ਨੂੰ 76 ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਚੁੱਕਾ ਹੈ।