ਸੋਸ਼ਲ ਮੀਡੀਆ ‘ਤੇ ਇਕ ਵਾਰੀ ਫਿਰ ਟ੍ਰੇਨਡਿੰਗ ‘ਚ ਆਏ ਹੰਸ ਰਾਜ ਹੰਸ

by mediateam

ਲਾਂਬੜਾ : ਅਕਸਰ ਹੀ ਆਪਣੇ ਗੀਤ-ਸੰਗੀਤ ਤੇ ਸਿਆਸੀ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਰਾਜ ਪੱਧਰੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਇਕ ਵਾਰੀ ਫਿਰ ਸੋਸ਼ਲ ਮੀਡੀਆ 'ਤੇ ਚਰਚਾ 'ਚ ਹਨ। ਇਸ ਵਾਰੀ ਚਰਚਾ ਦਾ ਕੇਂਦਰ ਉਨ੍ਹਾਂ ਦਾ ਗੀਤ-ਸੰਗੀਤ ਨਹੀਂ ਬਲਕਿ ਨਵਨਿਯੁਕਤ ਸੰਸਦ ਮੈਂਬਰ ਬਣਨ ਤੋਂ ਬਾਅਦ ਸੰਸਦ 'ਚ ਹਾਜ਼ਰੀ ਵੇਲੇ ਉਨ੍ਹਾਂ ਵੱਲੋਂ ਝਪਕੀ ਲੈਣਾ ਹੈ। ਜੀ ਹਾਂ...ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਸੰਸਦ ਭਵਨ 'ਚ ਸੈਸ਼ਨ ਦੌਰਾਨ ਕੋਈ ਨੁਮਾਇੰਦਾ ਨੀਂਦ ਦੀ ਝਪਕੀ ਲੈਂਦਾ ਹੋਇਆ ਕੈਮਰੇ ਦੀ ਅੱਖ ਵਿਚ ਕੈਦ ਹੋਇਆ ਹੋਵੇ ਬਲਕਿ ਅਜਿਹੇ ਵਾਕਿਆ ਪਹਿਲਾਂ ਵੀ ਕਈ ਵਾਰ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਨੁਮਾਇੰਦਿਆਂ ਨਾਲ ਵਾਪਰ ਚੁੱਕੇ ਹਨ ਜਿਨ੍ਹਾਂ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਕੜੀ ਤਹਿਤ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਨਵ-ਨਿਯੁਕਤ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਸੰਸਦ ਵਿਚ ਝਪਕੀ ਲੈਣ ਦੀ ਫੋਟੋ ਪੋਸਟ ਹੋਈ ਤਾਂ ਦੇਖਦੇ ਹੀ ਦੇਖਦੇ ਤਸਵੀਰ ਵਾਇਰਲ ਹੋ ਗਈ। ਇਸ ਨੂੰ ਸੋਸ਼ਲ ਸਾਈਟਾਂ ਦੀ ਵਰਤੋਂ ਕਰਨ ਵਾਲੇ ਯੂਥ ਵੱਲੋਂ ਟ੍ਰੋਲ ਕਰਦਿਆਂ ਅੱਗੇ ਆਪਣੇ ਅਕਾਊਂਟਸ 'ਤੇ ਧੜੱਲੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।