ਕੈਨੇਡਾ – ਡੱਗ ਫੋਰਡ ਦੇ ਦਫ਼ਤਰ ਅੱਗੇ ਸੁੱਟਿਆ ਗੋਬਰ (Video)

by

ਓਂਟਾਰੀਓ ਡੈਸਕ (Vikram Sehajpal) : ਆਪਣੀਆਂ ਨੀਤੀਆਂ ਕਾਰਨ ਡੱਗ ਫੋਰਡ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਘਟਨਾ ਵਿੱਚ ਵਾਤਾਵਰਣ ਪ੍ਰੇਮੀਆਂ ਨੇ ਸੂਬਾ ਸਰਕਾਰ ਦੇ 'ਕਲਾਈਮੇਟ ਐਕਸ਼ਨ ਪ੍ਰੋਗਰਾਮ' ਦਾ ਵਿਰੋਧ ਕਰਨ ਲਈ ਵੱਖਰਾ ਢੰਗ ਅਪਣਾਇਆ। ਉਨਾਂ ਨੇ ਇਸ ਦੇ ਲਈ ਇਟਾਬੀਕੋਕ ਵਿੱਚ ਡੱਗ ਫੋਰਡ ਦੇ ਦਫ਼ਤਰ ਅੱਗੇ ਗੋਬਰ ਸੁੱਟ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਪਿਕਅੱਪ ਟਰੱਕ ਵਿੱਚ ਲੱਦਿਆ ਹੋਇਆ ਗੋਬਰ ਇਟਾਬੀਕੋਕ ਦੇ 823 ਐਲਬੀਅਨ ਰੋਡ 'ਤੇ ਸਥਿਤ ਪ੍ਰੀਮੀਅਰ ਦੇ ਦਫ਼ਤਰ ਅੱਗੇ ਬੇਲਚਿਆਂ ਨਾਲ ਉਤਾਰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲੀ ਹੈ ਅਤੇ ਪੁਲਿਸ ਦੀ ਇੱਕ ਟੀਮ ਇਸ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਵਾਤਾਵਰਣ ਪ੍ਰੇਮੀਆਂ ਦੇ ਗਰੁੱਪ ਦੇ ਮੈਂਬਰ ਹਨ, ਜਿਹੜੇ ਉਨਟਾਰੀਓ ਸਰਕਾਰ ਦੇ ਕਲਾਈਮੇਟ ਐਕਸ਼ਨ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ। ਇਸ ਦੇ ਰੋਸ ਵਜੋਂ ਹੀ ਇਨਾਂ ਨੇ ਪ੍ਰੀਮੀਅਰ ਦੇ ਦਫ਼ਤਰ ਅੱਗੇ ਗੋਬਰ ਸੁੱਟਣ ਦਾ ਕਦਮ ਚੁੱÎਕਿਆ। ਵਾਤਾਵਰਣ ਕਾਰਕੁੰਨਾਂ ਦੇ ਇਸ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਇਹ ਸਪੱਸ਼ਟ ਹੈ ਕਿ ਪ੍ਰੀਮੀਅਰ ਉਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਲਿਆਂਦਾ ਗਿਆ 'ਕਲਾਈਮੇਟ ਐਕਸ਼ਨ ਪ੍ਰੋਗਰਾਮ' ਸਿਰਫ਼ ਇੱਕ ਬਕਵਾਸ ਹੈ, ਹੋਰ ਕੁਝ ਨਹੀਂ।