ਗਵਾਲੀਅਰ (ਰਾਘਵ) : ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਗਜਰਾਜਾ ਮੈਡੀਕਲ ਕਾਲਜ ਨਾਲ ਸਬੰਧਤ ਜਯਾ ਅਰੋਗਿਆ ਹਸਪਤਾਲ ਅਤੇ ਟਰਾਮਾ ਸੈਂਟਰ (ਜੇਏਐੱਚ) ਦੇ ਆਈਸੀਯੂ 'ਚ ਮੰਗਲਵਾਰ ਸਵੇਰੇ 7 ਵਜੇ ਏਸੀ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਕਾਰਨ ਹਫੜਾ-ਦਫੜੀ ਮੱਚ ਗਈ ਕਿਉਂਕਿ ਆਈਸੀਯੂ ਧੂੰਏਂ ਨਾਲ ਭਰ ਗਿਆ ਅਤੇ ਵੈਂਟੀਲੇਟਰ ਸਪੋਰਟ ਹਟਾਉਣ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ। ਬਾਕੀ ਅੱਠ ਮਰੀਜ਼ਾਂ ਨੂੰ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ, ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਦੇ ਸਮੇਂ 10 ਮਰੀਜ਼ ਆਈਸੀਯੂ ਵਿੱਚ ਦਾਖਲ ਸਨ। ਇਨ੍ਹਾਂ ਵਿੱਚੋਂ ਛੇ ਵੈਂਟੀਲੇਟਰ ਤੇ ਚਾਰ ਆਕਸੀਜਨ ’ਤੇ ਸਨ। ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਰਨ ਵਾਲੇ ਦੋ ਮਰੀਜ਼ਾਂ ਨੂੰ ਬਹੁਤ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋਵੇਂ ਪਹਿਲਾਂ ਹੀ ਦਿਮਾਗੀ ਤੌਰ 'ਤੇ ਮਰ ਚੁੱਕੇ ਸਨ। ਦੱਸਿਆ ਜਾਂਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਫਾਇਰ ਸੇਫਟੀ ਨੂੰ ਲੈ ਕੇ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ। ਹਸਪਤਾਲ ਦਾ ਫਾਇਰ ਸਿਸਟਮ ਬੇਕਾਰ ਪਿਆ ਹੈ। ਆਈਸੀਯੂ ਦੇ ਅੰਦਰ ਮੌਜੂਦ ਅੱਗ ਬੁਝਾਉਣ ਵਾਲੇ ਯੰਤਰ ਵੀ ਮਿਆਦ ਪੁੱਗ ਚੁੱਕੇ ਹਨ।