ਪਾਟਨ (ਰਾਘਵ) : ਗੁਜਰਾਤ ਦੇ ਪਾਟਨ ਜ਼ਿਲੇ ਤੋਂ ਜੀਐੱਸਟੀ ਨਾਲ ਜੁੜਿਆ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਹਿਮਦਾਬਾਦ 'ਚ ਮਕੈਨਿਕ ਦੇ ਤੌਰ 'ਤੇ ਕੰਮ ਕਰਨ ਵਾਲੇ ਸੁਨੀਲ ਸਥਵਾੜਾ ਨੂੰ ਬੈਂਗਲੁਰੂ GST ਵਿਭਾਗ ਤੋਂ 1.96 ਕਰੋੜ ਰੁਪਏ ਦਾ ਟੈਕਸ ਨੋਟਿਸ ਮਿਲਣ 'ਤੇ ਹੈਰਾਨ ਰਹਿ ਗਿਆ। ਮਹਿਜ਼ 16-17 ਹਜ਼ਾਰ ਰੁਪਏ ਦੀ ਮਹੀਨਾਵਾਰ ਆਮਦਨ ਨਾਲ ਆਪਣਾ ਪਰਿਵਾਰ ਚਲਾਉਣ ਵਾਲੇ ਸੁਨੀਲ ਲਈ ਇਹ ਨੋਟਿਸ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ। ਜਾਂਚ 'ਚ ਸਾਹਮਣੇ ਆਇਆ ਕਿ ਸੁਨੀਲ ਸਥਵਾੜਾ ਦੇ ਨਾਂ 'ਤੇ 11 ਕੰਪਨੀਆਂ ਚੱਲ ਰਹੀਆਂ ਹਨ, ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਜਿਵੇਂ ਉੱਤਰ ਪ੍ਰਦੇਸ਼, ਮਨੀਪੁਰ, ਤ੍ਰਿਪੁਰਾ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਅੰਡੇਮਾਨ ਨਿਕੋਬਾਰ 'ਚ ਰਜਿਸਟਰਡ ਹਨ। ਇਹ ਵੀ ਪਤਾ ਲੱਗਾ ਕਿ ਇਨ੍ਹਾਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਲਈ ਸੁਨੀਲ ਦੇ ਫਰਜ਼ੀ ਆਧਾਰ ਅਤੇ ਪੈਨ ਕਾਰਡਾਂ ਦੀ ਵਰਤੋਂ ਕੀਤੀ ਗਈ ਸੀ।
ਟੈਕਸ ਨੋਟਿਸ ਮਿਲਣ ਤੋਂ ਬਾਅਦ ਸੁਨੀਲ ਨੇ ਵਕੀਲ ਨਾਲ ਸੰਪਰਕ ਕੀਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ। ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਦਾ ਪਤਾ ਲੱਗਣ ਤੋਂ ਬਾਅਦ, ਉਸਨੇ ਗ੍ਰਹਿ ਵਿਭਾਗ ਅਤੇ ਕ੍ਰਾਈਮ ਬ੍ਰਾਂਚ ਕੋਲ ਸ਼ਿਕਾਇਤ ਦਰਜ ਕਰਵਾਈ। ਸੁਨੀਲ ਦਾ ਕਹਿਣਾ ਹੈ ਕਿ ਇਹ ਰੈਕੇਟ ਉਸ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕਰਕੇ ਚਲਾਇਆ ਗਿਆ ਹੈ। ਮਾਮਲੇ ਦੀ ਜਾਂਚ ਗਾਂਧੀਨਗਰ ਸੀਆਈਡੀ ਕ੍ਰਾਈਮ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਤੋਂ ਬਾਅਦ ਸਪੱਸ਼ਟ ਹੋਵੇਗਾ ਕਿ ਇਹ ਰੈਕੇਟ ਕੌਣ ਚਲਾ ਰਿਹਾ ਸੀ, ਅਸਲ ਮੁਲਜ਼ਮ ਕੌਣ ਹੈ ਅਤੇ ਉਸ ਦਾ ਮਕਸਦ ਕੀ ਸੀ। ਇਹ ਘਟਨਾ ਆਧਾਰ ਅਤੇ ਪੈਨ ਕਾਰਡ ਨਾਲ ਸਬੰਧਤ ਸੁਰੱਖਿਆ ਖਾਮੀਆਂ ਅਤੇ ਧੋਖਾਧੜੀ ਨੂੰ ਉਜਾਗਰ ਕਰਦੀ ਹੈ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਤ ਵਿਭਾਗਾਂ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਜਾ ਰਹੀ ਹੈ।