ਬਟਾਲਾ (ਰਾਘਵ): ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਵਿਖੇ ਵੀਰਵਾਰ ਦੇਰ ਰਾਤ ਗ੍ਰਨੇਡ ਸੁੱਟਿਆ ਗਿਆ। ਰਾਹਤ ਦੀ ਗੱਲ ਹੈ ਕਿ ਗ੍ਰਨੇਡ ਕਿਸੇ ਕਾਰਨ ਫਟਿਆ ਨਹੀਂ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਸੂਤਰਾਂ ਅਨੁਸਾਰ ਇਕ ਮੋਟਰਸਾਈਕਲ 'ਤੇ ਦੋ ਨੌਜਵਾਨ ਆਏ ਤੇ ਉਨ੍ਹਾਂ ਥਾਣੇ ਵੱਲ ਇਕ ਗ੍ਰਨੇਡ ਨੁਮਾ ਚੀਜ਼ ਸੁੱਟੀ। ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਥਾਣੇ 'ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪੈੜ ਨੱਪ ਰਹੀ ਹੈ। ਪੁਲਿਸ ਨਾਕਿਆਂ 'ਤੇ ਆਈਡੀ ਜਾਂ ਗ੍ਰਨੇਡ ਨਾਲ ਹਮਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਹਾਲਾਂਕਿ ਐਸਐਸਪੀ ਬਟਾਲਾ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਉੱਧਰ ਹਮਲੇ ਦੀ ਸਾਜ਼ਿਸ਼ ਤੋਂ ਬਾਅਦ ਪੁਲਿਸ ਇਕਦਮ ਚੌਕਸ ਹੋ ਗਈ। ਦੇਰ ਰਾਤ ਮਿਲੀ ਘਟਨਾ ਦੀ ਸੂਚਨਾ ਤੋਂ ਬਾਅਦ ਏਡੀਜੀਪੀ ਪੰਜਾਬ ਨੌਨਿਹਾਲ ਸਿੰਘ ਵੀ ਮੌਕੇ 'ਤੇ ਪੁੱਜੇ, ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਤੇ ਏਡੀਜੀਪੀ ਦੇ ਦੌਰੇ ਨੂੰ ਰੂਟੀਨ ਦਾ ਦੌਰਾ ਦੱਸਿਆ ਗਿਆ ਹੈ। ਉਧਰ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਥਾਣੇ ਦੀ ਚਾਰਦੀਵਾਰੀ ਹੋਰ ਉੱਚੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਥਾਣੇ ਦੇ ਬਾਹਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10.30 ਵਜੇ ਘਣੀਏ ਕੇ ਬਾਂਗਰ ਥਾਣੇ 'ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗ੍ਰਨੇਡ ਸੁੱਟਿਆ ਗਿਆ ਜੋ ਕਿਸੇ ਕਾਰਨ ਫਟਿਆ ਨਹੀਂ। ਪੁਲਿਸ ਨੂੰ ਸਵੇਰੇ ਗ੍ਰਨੇਡ ਹਮਲੇ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ ਤੇ ਹੋਰ ਅਧਿਕਾਰੀ ਤੇ ਜਾਂਚ ਏਜੰਸੀਆਂ ਮੌਕੇ 'ਤੇ ਪਹੁੰਚੀਆਂ। ਘਟਨਾ ਵਾਲੀ ਥਾਂ 'ਤੇ ਆਈਜੀ ਤੇ ਡੀਆਈਜੀ ਸਮੇਤ ਕਈ ਸੀਨੀਅਰ ਅਧਿਕਾਰੀਆਂ ਦੇ ਪੁੱਜਣ ਦੀ ਵੀ ਸੂਚਨਾ ਮਿਲ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਹਮਲਾ ਗੈਂਗਸਟਰਾਂ ਹੈਪੀ ਪਸ਼ੀਆ ਤੇ ਗੋਪੀ ਨਵਾਂਸ਼ਹਿਰ ਵੱਲੋਂ ਕੀਤਾ ਗਿਆ ਹੈ। ਸ਼ਾਮ 6 ਵਜੇ ਤੋਂ ਬਾਅਦ ਪੁਲਿਸ ਨਾਕਿਆਂ 'ਤੇ ਆਈਈਡੀ ਜਾਂ ਗ੍ਰਨੇਡ ਨਾਲ ਹਮਲੇ ਦੀ ਚਿਤਾਵਨੀ ਦਿੱਤੀ ਸੀ। ਗ੍ਰਨੇਡ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਹੱਥ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ 'ਤੇ ਪੁਲਿਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।