ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ’ਚ ਪਿਛਲੇ 2 ਸਾਲ ਤੋਂ ਹੋਲੀ ਦਾ ਰੰਗ ਨਹੀਂ ਚੜ੍ਹ ਰਿਹਾ ਸੀ ਪਰ ਇਸ ਸਾਲ ਨਾ ਸਿਰਫ ਖੂਬ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਸਗੋਂ ਲੋਕ ਵੀ ਬਾਜ਼ਾਰਾਂ ’ਚ ਖਰੀਦਦਾਰੀ ਲਈ ਨਿਕਲ ਰਹੇ ਹਨ। ਵਪਾਰੀਆਂ ਦੇ ਸੰਗਠਨ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ ਮੁਤਾਬਕ ਇਸ ਸਾਲ ਪੂਰੇ ਦੇਸ਼ ’ਚ ਹੋਲੀ ਮੌਕੇ ਲਗਭਗ 20,000 ਕਰੋੜ ਰੁਪਏ ਦੇ ਵਪਾਰ ਦਾ ਅਨੁਮਾਨ ਹੈ ਜਦ ਕਿ ਇਕੱਲੇ ਦਿੱਲੀ ’ਚ 500 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ ਹੈ।
ਸੀ. ਟੀ. ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਪ੍ਰਦਾਨ ਸੁਭਾਸ਼ ਖੰਡੇਲਵਾਲ ਮੁਤਾਬਕ ਦਿੱਲੀ ’ਚ ਵੱਡੇ ਪੈਮਾਨੇ ’ਤੇ ਹੋਲੀ ਮੰਗਲ ਮਿਲਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਬਾਜ਼ਾਰਾਂ ਦੀ ਐਸੋਸੀਏਸ਼ਨ, ਧਾਰਮਿਕ, ਸੰਸਕ੍ਰਿਤਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ’ਚ ਹੋਲੀ ਛਾਈ ਹੋਈ ਹੈ। ਸੀ. ਟੀ. ਆਈ. ਦਾ ਅਨੁਮਾਨ ਹੈ ਕਿ ਇਸ ਹੋਲੀ ’ਤੇ ਦਿੱਲੀ ’ਚ 1000 ਤੋਂ ਵੱਧ ਹੋਲੀ ਮਿਲਨ ਸਮਾਰੋਹ ਹੋ ਰਹੇ ਹਨ।
ਇਕ ਪਾਸੇ ਕੋਰੋਨਾ ਲੋਕਾਂ ਦਰਮਿਆਨ ਦੂਰੀ ਪੈਦਾ ਕਰਦਾ ਹੈ। ਉੱਥੇ ਹੀ ਹੋਲੀ ਸਾਰਿਆਂ ਨੂੰ ਨੇੜੇ ਲੈ ਕੇ ਆਉਂਦੀ ਹੈ। ਇਸ ਨਾਲ ਵਪਾਰ ਜਗਤ ਕਾਫੀ ਉਤਸ਼ਾਹਿਤ ਹੈ। ਹੋਲੀ ਮੌਕੇ ਸਾਊਂਡ, ਡੀ. ਜੇ., ਟੈਂਟ, ਹਲਵਾਈ, ਕੈਟਰਿੰਗ, ਲਾਈਟਿੰਗ, ਬੈਂਕਵੇਟ, ਐਂਕਰ, ਕਲਾਕਾਰ, ਕਰਿਆਨਾ, ਰੰਗ-ਗੁਲਾਲ, ਪਿਚਕਾਰੀ ਅਤੇ ਈਵੈਂਟ ਆਰਗਨਾਈਜ਼ਰਸ ਨੂੰ ਕੰਮ ਮਿਲਿਆ ਹੈ। ਸਦਰਬਾਜ਼ਾਰ ਵਰਗੀ ਥੋਕ ਮਾਰਕੀਟ ’ਚ ਚੰਗੀ ਭੀੜ ਦੇਖੀ ਜਾ ਰਹੀ ਹੈ। ਹੋਲੀ ਤੋਂ ਪਹਿਲਾਂ ਹੀ ਥੋਕ ਮਾਰਕੀਟ ’ਚ ਰੰਗ, ਗੁਲਾਲ ਅਤੇ ਪਿਚਕਾਰੀਆਂ ਖਤਮ ਹੋ ਗਈਆਂ ਹਨ। ਮਿਠਾਈ ਦੀਆਂ ਦੁਕਾਨਾਂ ’ਤੇ ਕਾਫੀ ਰੌਣਕ ਪਰਤ ਰਹੀ ਹੈ।