ਮੁੰਬਈ,(ਦੇਵ ਇੰਦਰਜੀਤ) :ਟੈਕਸ ਚੋਰੀ ਦੇ ਦੋਸ਼ ਵਿਚ ਸਰਕਾਰ ਨੇ ਬਾਈਟਡਾਂਸ ਦੇ ਇੰਡੀਆ 'ਚ ਮੌਜੂਦ ਸਾਰੇ ਅਕਾਊਂਟਸ ਫਰੀਜ਼ ਕਰ ਦਿੱਤੇ ਹਨ।ਸਰਕਾਰ ਦੇ ਇਸ ਕਦਮ ਤੋਂ ਬਾਅਦ ਕੰਪਨੀ ਨੇ ਮੁੰਬਈ ਹਾਈਕੋਰਟ ਦਾ ਰੁਖ਼ ਕੀਤਾ ਹੈ। ਉਸ ਨੇ ਸਰਕਾਰ ਦੇ ਫ਼ੈਸਲੇ 'ਤੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ।
ਕੰਪਨੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਉਸ ਦੇ ਬਿਜ਼ਨੈੱਸ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਜਨਵਰੀ ਵਿਚ ਭਾਰਤ 'ਚ ਆਪਣੇ ਮੁਲਾਜ਼ਮਾਂ ਨੂੰ ਕੱਢ ਦਿੱਤਾ ਸੀ। ਹਾਲਾਂਕਿ ਭਾਰਤ ਵਿਚ ਬਾਈਟਡਾਂਸ ਦੇ ਹਾਲੇ ਵੀ 1300 ਮੁਲਾਜ਼ਮ ਤਾਇਨਾਤ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਵਿਦੇਸ਼ ਆਪ੍ਰੇਸ਼ਨ ਨੂੰ ਹੈਂਡਲ ਕਰ ਰਹੇ ਹਨ ਜਿਸ ਵਿਚ ਕੰਟੈਂਟ ਮਾਡਰੇਸ਼ਨ ਵੀ ਸ਼ਾਮਲ ਹੈ।
ਬਾਈਟਡਾਂਸ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਮੁੰਬਈ ਹਾਈ ਕੋਰਟ 'ਚ ਹੋਵੇਗੀ। ਪਟੀਸ਼ਨ 'ਚ ਬਾਈਟਡਾਂਸ ਇੰਡੀਆ ਨੇ ਤਰਕ ਦਿੱਤਾ ਹੈ ਕਿ ਉਸ ਦੇ ਖਾਤਿਆਂ 'ਚ ਸਿਰਫ਼ 10 ਮਿਲੀਅਨ ਡਾਲਰ ਹੈ। ਅਜਿਹੇ ਸਮੇਂ ਰੋਕ ਲਗਾਉਣਾ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਹੈ ਤੇ ਇਸ ਨਾਲ ਤਨਖ਼ਾਹ ਤੇ ਟੈਕਸ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਜਾਵੇਗਾ।
ਇਸ ਮਾਮਲੇ ਨਾਲ ਜੁੜੇ ਦੋ ਸੂਤਰਾਂ ਨੇ ਦੱਸਿਆ ਕਿ ਮਾਰਚ 2021 ਟੈਕਸ ਅਧਿਕਾਰੀਆਂ ਨੂੰ ਬਾਈਟਡਾਂਸ ਦੀ ਭਾਰਤੀ ਇਕਾਈ ਤੇ ਸਿੰਗਾਪੁਰ 'ਚ ਮੌਜੂਦ ਇਸ ਦੀ ਪੇਰੈਂਟ ਕੰਪਨੀ TikTok Pte Ltd ਵਿਚਕਾਰ ਹੋਈ ਆਨਲਾਈਨ ਐਡਵਰਟਾਈਜ਼ਿੰਗ ਡੀਲ 'ਚ ਕਥਿਤ ਤੌਰ 'ਤੇ ਟੈਕਸ ਚੋਰੀ ਦਾ ਪਤਾ ਚੱਲਿਆ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕੰਪਨੀ ਦੇ Citibank ਤੇ HSBC ਬੈਂਕ ਦੇ ਅਕਾਊਂਟ ਬਲਾਕ ਕਰਨ ਦਾ ਹੁਕਮ ਦਿੱਤਾ ਸੀ।