ਨਵੀਂ ਦਿੱਲੀ (ਦੇਵ ਇੰਦਰਜੀਤ)- ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 68 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਅੜੇ ਹੋਏ ਹਨ।
ਓਥੇ ਹੀ ਦਿੱਲੀ ਦੀਆਂ ਵੱਖ-ਵੱਖ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਵਿਵਸਥਾ ਕਾਫੀ ਮਜ਼ਬੂਤ ਕਰ ਦਿੱਤੀ ਹੈ। ਟੀਕਰੀ ਬਾਰਡਰ ’ਤੇ ਪਹਿਲੇ ਇਥੇ ਸੀਸੀ ਦੀ ਦੀਵਾਰ ਬਣਾਈ ਗਈ ਸੀ ਅਤੇ 7 ਲੇਅਰ ਵਿਚ ਬੈਰੀਕੇਡਿੰਗ ਕਰ ਰੱਖੀ ਸੀ, ਪਰ ਹੁਣ ਸੜਕ ਖੋਦ ਕੇ ਉਸ ਵਿਚ ਲੰਬੀਆਂ-ਲੰਬੀਆਂ ਕਿੱਲ੍ਹਾਂ ਤੇ ਤਿੱਖੇ ਸਰੀਏ ਲਗਾ ਦਿੱਤੇ ਗਏ ਹਨ। ਕਿੱਲਾਂ ਤੋਂ ਇਲਾਵਾ ਪੁਲਿਸ ਨੇ ਮੋਟੇ ਸਰੀਏ ਨੂੰ ਬੇਹੱਦ ਤਿੱਖਾ ਬਣਾ ਕੇ ਇਸ ਤਰ੍ਹਾਂ ਨਾਲ ਲਗਾਇਆ ਹੈ ਕਿ ਬਾਰਡਰ ਪਾਰ ਕਰ ਕੇ ਜੇਕਰ ਕੋਈ ਗੱਡੀ ਜ਼ਬਰਦਸਤੀ ਦਿੱਲੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗੀ ਤਾਂ ਗੱਡੀ ਦਾ ਟਾਇਰ ਫਟ ਜਾਵੇਗਾ। ਬਾਰਡਰ ’ਤੇ ਰੋਡ ਰੋਲਰ ਵੀ ਹੁਣ ਖੜ੍ਹੇ ਕਰ ਦਿੱਤੇ ਗਏ ਹਨ ਤਾਂਕਿ ਕਿਸਾਨ ਜੇਕਰ ਦਿੱਲੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਤਾਂ ਉਨ੍ਹਾਂ ਨੂੰ ਰੋਕਣ ਲਈ ਰੋਡ ਰੋਲਰ ਨੂੰ ਸੜਕ ’ਤੇ ਖੜ੍ਹਾ ਕੀਤਾ ਜਾ ਸਕੇ।
ਸਿੰਘੂ ਬਾਰਡਰ ’ਤੇ ਵੀ ਪੁਲਿਸ ਵੱਲੋਂ ਹੁਣ ਸੁਰੱਖਿਆ ਵਿਵਸਥਾ ਜ਼ਿਆਦਾ ਸਖ਼ਤ ਕੀਤੀ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਬੈਰੀਕੇਡਸ ਨੂੰ ਹੁਣ ਵੇਲਡ ਕਰ ਕੇ ਉਨ੍ਹਾਂ ਵਿਚਲੀ ਜਗ੍ਹਾ ਵਿਚ ਰੋੜੀ, ਸੀਮਿੰਟ ਆਦਿ ਪਾ ਕੇ ਮਜ਼ਬੂਤੀ ਦਿੱਤੀ ਜਾ ਰਹੀ ਹੈ।