by mediateam
ਵੈੱਬ ਡੈਸਕ (NRI MEDIA) : ਰੂਸ ਮਗਰੋਂ ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਕੋਰੋਨਾ ਵੈਕਸੀਨ ਅੰਤਮ ਪੜਾਅ 'ਚ ਹੈ ਅਤੇ ਨਵੰਬਰ ਤੋਂ ਆਮ ਲੋਕਾਂ ਲਈ ਉਪਲੱਬਧ ਕਰਵਾ ਦਿੱਤੀ ਜਾਵੇਗੀ। ਚਾਈਨਾ ਸੈਂਟਰ ਫਾਰ ਡਿਜੀਜ ਕੰਟਰੋਲ (ਸੀਡੀਸੀ) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਫ਼ਲਤਾ ਦੇ ਬੇਹੱਦ ਨੇੜੇ ਹਨ ਅਤੇ ਨਵੰਬਰ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਹੀ ਆਮ ਲੋਕਾਂ ਨੂੰ ਕੋਰੋਨਾ ਵੈਕਸੀਨ ਮਿਲਣ ਲੱਗੇਗੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਚੀਨ ਦੀ ਵੈਕਸੀਨ 1 ਲੱਖ ਲੋਕਾਂ 'ਤੇ ਪ੍ਰੀਖਣ ਬਾਅਦ ਵੀ ਸੁਰੱਖਿਅਤ ਸਾਬਤ ਹੋਈ ਹੈ। ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਆਪਣੀ ਕੋਰੋਨਾ ਵਾਇਰਸ ਵੈਕਸੀਨ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਦੱਸਿਆ ਹੈ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ ਜਿਨਾਂ ਲੋਕਾਂ ਨੂੰ ਇਸ ਵੈਕਸੀਨ ਦੇ ਦੋਵੇਂ ਟੀਕੇ ਲਾਏ ਜਾ ਚੁੱਕੇ ਹਨ, ਉਨਾਂ ਵਿੱਚ ਕਿਸੇ ਤਰਾਂ ਦਾ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਹੈ। ਕੰਪਨੀ ਨੇ ਆਪਣੇ ਅਧਿਕਾਰਕ ਵੀਚੈਟ ਅਕਾਊਂਟ 'ਤੇ ਕਿਹਾ ਕਿ ਅਜੇ ਤੱਕ ਇਸ ਵੈਕਸੀਨ ਦੀ ਡੋਜ਼ ਲਗਭਗ 1 ਲੱਖ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਚੀਨ ਨੇ ਤੁਰੰਤ ਵਰਤੋਂ ਲਈ ਕੋਰੋਨਾ ਵਾਇਰਸ ਦੀਆਂ ਤਿੰਨ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਨਾਂ ਵਿੱਚੋਂ 2 ਵੈਕਸੀਨ ਚਾਈਨਾ ਨੈਸ਼ਨਲ ਬਾਇਓਟੈਕ ਗਰੁੱਪ ਨੇ ਬਣਾਈਆਂ ਹਨ। ਦੱਸ ਦਈਏ ਕਿ ਚੀਨ ਨੇ ਦੱਸਿਆ ਕਿ ਇਸ ਦੇ ਇੱਥੇ ਬਣਾਈਆਂ ਗਈਆਂ 3 ਵੈਕਸੀਨ ਅਜਿਹੀਆਂ ਹਨ, ਜੋ ਕਿ ਆਪਣੇ ਅੰਤਮ ਪੜਾਅ ਵਿੱਚ ਹਨ। ਨਾਲ ਹੀ ਇਨਾਂ ਦੀ ਟੈਸਟਿੰਗ ਦੇ ਨਤੀਜੇ ਵੀ ਕਾਫ਼ੀ ਪ੍ਰਭਾਵਸ਼ਾਲੀ ਆਏ ਹਨ। ਇਨਾਂ ਤਿੰਨਾਂ ਨੂੰ ਹੀ ਕੁਝ ਲੋਕਾਂ 'ਤੇ ਅਜ਼ਮਾਇਆ ਜਾ ਚੁੱਕਾ ਹੈ ਅਤੇ ਇਹ ਸਫ਼ਲ ਸਾਬਤ ਹੋਈਆਂ ਹਨ।