
ਜਲੰਧਰ (ਰਾਘਵ): ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਅਨੁਸਾਰ ਸਰਗਰਮ ਪੁਲਿਸਿੰਗ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਪੁਲਸ ਨੇ ‘ਯਾਰਾ ਇੰਡੀਆ’ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਇਥੇ ਪੰਜਾਬ ਪੁਲਸ ਦੇ ਹੈੱਡਕੁਆਰਟਰ ਵਿਚ ਇਕ ਵਿਸ਼ੇਸ਼ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ‘ਆਈ. ਐੱਮ. ਸੇਫਟੀ ਹੀਰੋ’ ਦੀ ਸ਼ੁਰੂਆਤ ਕੀਤੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਟ੍ਰੈਫਿਕ ਅਤੇ ਸੜਕ ਸੁਰੱਖਿਆ ਏ. ਐੱਸ. ਰਾਏ ਨੇ ਮੁਹਿੰਮ ਦੀ ਰਸਮੀ ਤੌਰ ’ਤੇ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਖੇਤੀਬਾੜੀ ਵਾਹਨਾਂ, ਖ਼ਾਸ ਕਰਕੇ ਟਰੈਕਟਰ-ਟਰਾਲੀਆਂ ਨਾਲ ਜੁੜੇ ਸੜਕ ਹਾਦਸਿਆਂ ਦੀ ਵਧ ਰਹੀ ਗਿਣਤੀ ਨਾਲ ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਰਾਹੀਂ ਨਜਿੱਠਣਾ ਹੈ।
ਇਸ ਦੌਰਾਨ ਟਰੈਕਟਰ-ਟਰਾਲੀਆਂ ਲਈ ਰਿਫਲੈਕਟਿਵ ਸੇਫਟੀ ਸਟਿੱਕਰ ਜਾਰੀ ਕੀਤੇ ਗਏ ਅਤੇ ਨਾਲ ਹੀ ਪੂਰਾ ਸਾਲ ਜਾਗਰੂਕਤਾ ਮੁਹਿੰਮਾਂ ਦਾ ਸਮਰਥਨ ਕਰਨ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈ. ਈ. ਸੀ.) ਸਮੱਗਰੀ ਵੀ ਪੇਸ਼ ਕੀਤੀ ਗਈ। ਸੰਜੀਵ ਕੰਵਰ ਮੈਨੇਜਿੰਗ ਡਾਇਰੈਕਟਰ ‘ਯਾਰਾ ਸਾਊਥ ਏਸ਼ੀਆ’ਅਤੇ ਡਾ. ਨਵਦੀਪ ਅਸੀਜਾ, ਡਾਇਰੈਕਟਰ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ (ਪੀ. ਆਰ. ਐੱਸ. ਟੀ. ਆਰ. ਸੀ.) ਵੀ ਇਸ ਮੌਕੇ ਹਾਜ਼ਰ ਸਨ। ਏ. ਡੀ. ਜੀ. ਪੀ. ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਵੀਰਵਾਰ ਤੋਂ 3 ਰੋਜ਼ਾ ਮਾਡਲ ਕਿਸਾਨ ਜਾਗਰੂਕਤਾ ਕੈਂਪ ਲਾਇਆ ਜਾਵੇਗਾ।