ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੋਲਡੀ ਬਰਾੜ ਦਾ ਅਮਰੀਕਾ ਵਿੱਚ ਕਤਲ ਹੋ ਗਿਆ ਹੈ। ਅਮਰੀਕੀ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਕ ਗੈਂਗਸਟਰ ਦੀ ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਗੋਲਡੀ ਬਰਾੜ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਤੋਂ ਬਾਅਦ ਉਸ ਦਾ ਨਾਂ ਸੁਰਖੀਆਂ 'ਚ ਆਉਣ ਲੱਗਾ ਸੀ।
ਗੋਲਡੀ ਬਰਾੜ ਦਾ ਜਨਮ 11 ਅਪ੍ਰੈਲ 1994 ਨੂੰ ਸ਼ਮਸ਼ੇਰ ਸਿੰਘ ਅਤੇ ਪ੍ਰੀਤਪਾਲ ਕੌਰ ਦੇ ਘਰ ਹੋਇਆ। ਉਹ ਸ੍ਰੀ ਮੁਕਤਸਰ ਸਾਹਿਬ, ਪੰਜਾਬ ਦਾ ਵਸਨੀਕ ਹੈ। ਗੋਲਡੀ ਬਰਾੜ ਦੇ ਪਿਤਾ ਪੁਲਿਸ ਵਿੱਚ ਨੌਕਰੀ ਕਰਦੇ ਸਨ। ਗੋਲਡੀ ਬਰਾੜ 'ਤੇ ਸਿਆਸਤਦਾਨਾਂ ਤੋਂ ਧਮਕੀਆਂ ਦੇਣ, ਫਿਰੌਤੀ ਮੰਗਣ ਅਤੇ ਕਈ ਕਤਲਾਂ ਦੀ ਜ਼ਿੰਮੇਵਾਰੀ ਲੈਣ ਦੇ ਮਾਮਲੇ ਦਰਜ ਹਨ।
ਗੁਰਲਾਲ ਬਰਾੜ, ਜੋ ਕਿ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ, ਦੇ ਕਤਲ ਤੋਂ ਬਾਅਦ ਗੋਲਡੀ ਨੇ ਅਪਰਾਧ ਦਾ ਰਾਹ ਚੁਣਿਆ ਅਤੇ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਆਉਣਾ ਸ਼ੁਰੂ ਕਰ ਦਿੱਤਾ। ਕੈਨੇਡਾ ਦੇ ਬਰੈਂਪਟਨ 'ਚ ਰਹਿਣ ਵਾਲਾ ਗੋਲਡੀ ਬਰਾੜ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਨਾਲ ਜੁੜਿਆ ਹੋਇਆ ਸੀ। ਕੇਂਦਰੀ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਗੋਲਡੀ ਬਰਾੜ ਸ਼ਾਰਪ-ਸ਼ੂਟਰਾਂ ਦੀ ਸਪਲਾਈ ਕਰਨ ਤੋਂ ਇਲਾਵਾ ਸਰਹੱਦ ਪਾਰ ਤੋਂ ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਅਤੇ ਕਤਲਾਂ ਨੂੰ ਅੰਜਾਮ ਦੇਣ ਲਈ ਲੋੜੀਂਦੀ ਸਾਰੀ ਸਮੱਗਰੀ ਸਪਲਾਈ ਕਰਨ ਵਿੱਚ ਵੀ ਸ਼ਾਮਲ ਸੀ।