ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿਖੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਇਕ ਅਣਪਛਾਤੀ ਕਲਯੁਗੀ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੁਲਿਸਨੂੰ ਦਾਣਾ ਮੰਡੀ ਦੇ ਰਹਿਣ ਵਾਲੇ ਐਡਵੋਕੇਟ ਨਰਿੰਦਰ ਆਦੀਆ ਪੁੱਤਰ ਦੇਸ ਰਾਜ ਨੇ ਸੂਚਨਾ ਦਿੱਤੀ ਕਿ ਮਸਕੀਨ ਨਗਰ ਦੇ ਇਕ ਖ਼ਾਲੀ ਪਲਾਟ ’ਚ ਇਕ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਜਦੋਂ ਉਹ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਖ਼ਾਲੀ ਪਲਾਟ ਕੋਲ ਪੁੱਜਾ ਤਾਂ ਦੇਖਿਆ ਕਿ ਪਲਾਟ ਦੇ ਅੰਦਰ ਇਕ 7 ਮਹੀਨੇ ਦੀ ਕੁੜੀ ਪਈ ਹੋਈ ਸੀ, ਜੋ ਕਿ ਰੋ ਰਹੀ ਸੀ ਪਰ ਅਚਾਨਕ ਬੱਚੀ ਨੇ ਰੋਣਾ ਬੰਦ ਕਰ ਦਿੱਤਾ।
ਜਦੋਂ ਨਰਿੰਦਰ ਆਦੀਆ ਨੇ ਬੱਚੀ ਨੂੰ ਚੁੱਕ ਕੇ ਦੇਖਿਆ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਕਿਸੇ ਕਲਯੁਗੀ ਮਾਂ ਨੇ ਆਪਣੇ ਪਾਪ ਨੂੰ ਲੁਕਾਉਣ ਲਈ ਮਾਸੂਮ ਬੱਚੀ ਨੂੰ ਪਲਾਟ ’ਚ ਸੁੱਟ ਦਿੱਤਾ ਹੈ। ਪੁਲਿਸ ਨੇ ਅਣਪਛਾਤੀ ਕਲਯੁਗੀ ਜਨਾਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਤੱਕ ਬੱਚੀ ਦੀ ਕੋਈ ਪਛਾਣ ਨਹੀਂ ਹੋ ਸਕੀ।