ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਛਮੀ ਬੰਗਾਲ 'ਚ ਨਦੀਆ ਜ਼ਿਲ੍ਹੇ ਦੇ ਹੰਸਖਲੀ 'ਚ ਜਨਮ ਦਿਨ ਦੀ ਪਾਰਟੀ 'ਚ ਜਬਰ ਜ਼ਿਨਾਹ ਤੋਂ ਬਾਅਦ ਇਕ ਨਾਬਾਲਗ ਕੁੜੀ ਦੀ ਮੌਤ ਹੋ ਗਈ। ਕੁੜੀ ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਮੁੱਖ ਦੋਸ਼ੀ ਤ੍ਰਿਣਮੂਲ ਕਾਂਗਰਸ ਦੇ ਇਕ ਪੰਚਾਇਤ ਮੈਂਬਰ ਦਾ ਪੁੱਤਰ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ। 9ਵੀਂ ਜਮਾਤ ਦੀ ਵਿਦਿਆਰਥਣ ਦੇ ਮਾਤਾ-ਪਿਤਾ ਨੇ ਘਟਨਾ ਦੇ ਚਾਰ ਦਿਨ ਬਾਅਦ ਥਾਣੇ 'ਚ ਦੋਸ਼ੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਅਨੁਸਾਰ, ਕੁੜੀ ਦੋਸ਼ੀ ਦੀ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਉਸ ਦੇ ਘਰ ਗਈ ਸੀ ਪਰ ਉਹ ਬੀਮਾਰ ਹਾਲਤ 'ਚ ਘਰ ਪਰਤੀ ਅਤੇ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਕੁੜੀ ਦੀ ਮਾਂ ਨੇ ਕਿਹਾ,''ਸਥਾਨਕ ਟੀ.ਐੱਮ.ਸੀ. ਨੇਤਾ ਦੇ ਪੁੱਤਰ ਦੇ ਘਰ ਹੋਈ ਪਾਰਟੀ ਤੋਂ ਵਾਪਸ ਆਉਣ ਤੋਂ ਬਾਅਦ ਸਾਡੀ ਬੇਟੀ ਦਾ ਬਹੁਤ ਖੂਨ ਵਗ ਰਿਹਾ ਸੀ ਅਤੇ ਢਿੱਡ 'ਚ ਤੇਜ਼ ਦਰਦ ਹੋ ਰਿਹਾ ਸੀ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਉਸ ਨੂੰ ਹਸਪਤਾਲ ਲਿਜਾਂਦਾ, ਉਸ ਦੀ ਮੌਤ ਹੋ ਗਈ।''