ਪੱਤਰ ਪ੍ਰੇਰਕ : ਸਾਬਕਾ ਭਾਰਤੀ ਆਲਰਾਊਂਡਰ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਮੰਗਲਵਾਰ ਨੂੰ ਇੱਥੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਪਿਛਲੇ 12 ਮਹੀਨਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸਾਲ ਦੇ ਸਰਵੋਤਮ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਨ੍ਹਾਂ 12 ਮਹੀਨਿਆਂ ਦੌਰਾਨ, ਉਹ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਦੋ ਹਜ਼ਾਰ ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਖਿਡਾਰੀ ਬਣ ਗਿਆ ਅਤੇ ਇਸ ਫਾਰਮੈਟ ਵਿੱਚ ਪੰਜ ਸੈਂਕੜੇ ਲਗਾਏ।
ਬੀਸੀਸੀਆਈ ਅਧਿਕਾਰੀ ਨੇ ਕਿਹਾ, "ਸ਼ਾਸਤਰੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਲਈ ਚੁਣਿਆ ਗਿਆ ਹੈ ਜਦਕਿ ਗਿੱਲ ਨੂੰ ਸਾਲ ਦੇ ਸਰਵੋਤਮ ਕ੍ਰਿਕਟਰ ਦਾ ਪੁਰਸਕਾਰ ਦਿੱਤਾ ਜਾਵੇਗਾ।" ਬੀਸੀਸੀਆਈ ਪੁਰਸਕਾਰ 2019 ਤੋਂ ਬਾਅਦ ਪਹਿਲੀ ਵਾਰ ਦਿੱਤੇ ਜਾ ਰਹੇ ਹਨ ਅਤੇ ਭਾਰਤ ਅਤੇ ਇੰਗਲੈਂਡ ਦੋਵਾਂ ਟੀਮਾਂ ਦੇ ਖਿਡਾਰੀਆਂ ਦੇ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਸਮਾਰੋਹ ਵਿੱਚ ਮੌਜੂਦ ਹੋਣ ਦੀ ਉਮੀਦ ਹੈ। 61 ਸਾਲਾ ਸ਼ਾਸਤਰੀ ਨੇ 80 ਟੈਸਟ ਅਤੇ 150 ਵਨਡੇ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਰਿਟਾਇਰਮੈਂਟ ਤੋਂ ਬਾਅਦ, ਉਨ੍ਹਾਂ ਕੁਮੈਂਟੇਟਰ ਵਜੋਂ ਆਪਣੀ ਪਛਾਣ ਬਣਾਈ।