ਓਨਟਾਰੀਓ (ਦੇਵ ਇੰਦਰਜੀਤ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਆਖਿਆ ਕਿ ਉਹ ਹੈਲਥ ਕੇਅਰ ਵਰਕਰਜ਼ ਨੂੰ ਬੇਨਤੀ ਕਰਦੇ ਹਨ ਕਿ ਉਹ ਕੋਵਿਡ-19 ਸਬੰਧੀ ਆਪਣਾ ਟੀਕਾਕਰਣ ਕਰਵਾਉਣ। ਪਰ ਜਿਨ੍ਹਾਂ ਹੈਲਥ ਵਰਕਰਜ਼ ਵੱਲੋਂ ਟੀਕਾਕਰਣ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦਾ ਕੋਵਿਡ-19 ਟੈਸਟ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਟੋਰਾਂਟੋ ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਸੀਈਓ ਕੈਵਿਨ ਸਮਿੱਥ ਵੱਲੋਂ ਪਿਛਲੇ ਹਫਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਉਨ੍ਹਾਂ ਨੇ ਆਪਣੇ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਸਟਾਫ ਨੂੰ ਕੰਮ ਉੱਤੇ ਆਉਣ ਤੋਂ 48 ਘੰਟੇ ਪਹਿਲਾਂ ਕੋਵਿਡ-19 ਦੇ ਨੈਗੇਟਿਵ ਟੈਸਟ ਪੇਸ਼ ਕਰਨ ਲਈ ਆਖਿਆ ਹੈ।ਫੋਰਡ ਨੇ ਆਖਿਆ ਕਿ ਉਹ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਵਰਕਰਜ਼ ਤੋਂ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਮੰਗਣ ਵਾਲੇ ਹਸਪਤਾਲਾਂ ਦਾ ਸਮਰਥਨ ਕਰਦੇ ਹਨ ਪਰ ਉਨ੍ਹਾਂ ਇਹ ਵੀ ਆਖਿਆ ਕਿ ਪ੍ਰੋਵਿੰਸ ਹਸਪਤਾਲਾਂ ਨੂੰ ਇਹ ਤਾਕੀਦ ਨਹੀਂ ਕਰ ਸਕਦਾ ਕਿ ਇਸ ਨੂੰ ਪਾਲਿਸੀ ਵਜੋਂ ਲਾਗੂ ਕੀਤਾ ਜਾਵੇ।
ਫੋਰਡ ਨੇ ਇਹ ਵੀ ਆਖਿਆ ਕਿ ਉਹ ਹੈਲਥ ਕੇਅਰ ਵਰਕਰਜ਼ ਨਾਲ ਵੈਕਸੀਨੇਸ਼ਨ ਕਰਵਾਉਣ ਲਈ ਧੱਕਾ ਨਹੀਂ ਕਰ ਸਕਦੇ, ਹਾਲਾਂਕਿ ਕੁੱਝ ਮੈਡੀਕਲ ਮਾਹਿਰਾਂ ਵੱਲੋਂ ਅਜਿਹਾ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਆਖਿਆ ਕਿ ਜਦੋਂ ਸਾਡੇ ਕੋਲ ਵੈਕਸੀਨ ਹੈ ਤੇ ਜਿਹੜੇ ਲੋਕ ਹੈਲਥ ਕੇਅਰ ਇੰਡਸਟਰੀ ਨਾਲ ਜੁੜੇ ਹਨ ਉਨ੍ਹਾਂ ਨੂੰ ਇਹ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ।