ਮਾਨਸਾ ( ਆਨ ਆਰ ਆਈ ਮੀਡਿਆ): ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਮੋਰਚਿਆਂ ਵਿੱਚ ਕੰਮ ਦੇ ਬਾਵਜੂਦ ਭਰਵੀਂ ਹਾਜ਼ਰੀ ਜਾਰੀ ਹੈ। ਜਦੋਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਅਪ੍ਰੈਲ ਨੂੰ ਪੂਰੇ ਪੰਜਾਬ ਰਾਜ ਵਿੱਚੋਂ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਮੋਰਚਿਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸ਼ਾਮਿਲ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਜੱਥੇਬੰਦੀ ਦੇ ਜਿਲ੍ਹਾ ਮਾਨਸਾ ਦੇ ਸਰਗਰਮ ਆਗੂਆਂ ਦੀ ਜਿਲ੍ਹਾ ਪੱਧਰੀ ਤਿਆਰੀ ਮੀਟਿੰਗ ਪਿੰਡ ਲੱਲੂਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ।
ਜਿਸ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਦੀ ਆੜ ਹੇਠ ਕੇਂਦਰ ਸਰਕਾਰ ਵੱਲੋਂ ਸਰਮਾਏਦਾਰ ਪੱਖੀ ਅਤੇ ਕਿਸਾਨਾਂ ਤੇ ਆਮ ਲੋਕਾਂ ਦਾ ਗਲਾ ਘੁੱਟਣ ਵਾਲੇ ਲਿਆਂਦੇ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅੰਤ ਤੱਕ ਲੜਿਆ ਜਾਵੇਗਾ। ਜੂਨ ਮਹੀਨੇ ਤੋਂ ਸ਼ੁਰੂ ਹੋਇਆ ਅੰਦੋਲਨ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਾ ਹੋਇਆ ਜਿੱਤ ਵੱਲ ਵੱਧ ਰਿਹਾ ਹੈ।
ਦਿੱਲੀ ਮੋਰਚੇ ਨੂੰ ਚਾਰ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ, ਜਿਸ ਨਾਲ ਕਿਸਾਨਾਂ ਦੇ ਹੌਂਸਲੇ ਹਰ-ਰੋਜ਼ ਬੁਲੰਦ ਹੋ ਰਹੇ ਹਨ। ਕਿਸਾਨ ਆਗੂ ਨੇ ਦੱਸਿਆ ਕਿ ਦਿੱਲੀ ਦੀ ਮੋਦੀ ਹਕੂਮਤ ਕਿਸਾਨਾਂ ਦੇ ਸੰਘਰਸ਼ ਅਤੇ ਸ਼ਹਿਣਸ਼ੀਲਤਾ ਤੋਂ ਇੰਨੀ ਘਬਰਾਹਟ ਵਿੱਚ ਆ ਗਈ ਹੈ ਕਿ ਹੁਣ ਆਰ.ਐੱਸ.ਐੱਸ ਅਤੇ ਸਰਕਾਰ ਦੇ ਗੂੰਡੇ ਸ਼ੰਘਰਸ਼ੀ ਕਿਸਾਨਾਂ ਦੇ ਰਹਿਣ ਵਸੇਰਿਆਂ ਨੂੰ ਵੀ ਅੱਗਾ ਲਾਉਣ ਤੱਕ ਤੁਰ ਪਈ ਹੈ। ਜਿਸ ਨਾਲ ਸਾਬਤ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਹਾਰ ਪੱਕੀ ਅਤੇ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਹੈ। ਕਿਸਾਨ ਸ਼ਾਂਤਮਈ ਠਰੰਮੇ ਨਾਲ ਸ਼ੰਘਰਸ਼ ਕਰਨਾ ਜਾਣਦੇ ਹਨ ਅਤੇ ਕਿਸਾਨਾਂ ਦੀ ਲੀਡਰਸ਼ਿਪ ਹੰਡੀ, ਪਰਖੀ ਹੋਈ ਹੈ, ਜਿਸ ਤੇ ਕਿਸਾਨਾਂ ਨੂੰ ਪੱਕਾ ਭਰੋਸਾ ਹੈ।
ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਸਾਨਾਂ ਆਮ ਲੋਕਾਂ, ਨੌਜਵਾਨਾਂ, ਔਰਤਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਵਾਢੀ ਦੇ ਜ਼ੋਰਦਾਰ ਕੰਮ ਦੇ ਬਾਵਜੂਦ ਭਾਵੇਂ ਦਿੱਲੀ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੈਠੇ ਹਨ ਪਰ 21 ਅਪ੍ਰੈਲ ਨੂੰ ਸਿਰੇ ਦਾ ਜ਼ੋਰ ਲਾ ਕੇ ਦਿੱਲੀ ਮੋਰਚੇ ਵੱਲ ਜਾ ਰਹੇ ਕਾਫਲਿਆਂ ਵਿੱਚ ਸ਼ਾਮਿਲ ਹੋਣ।