ਨਿਊਜ਼ ਡੈਸਕ (ਜਸਕਮਲ) : ਇੰਸਟਾਗ੍ਰਾਮ 'ਤੇ ਇਕ ਅਣਜਾਣ ਨੌਜਵਾਨ ਨਾਲ ਦੋਸਤੀ ਕਰਨੀ ਲੜਕੀ ਨੂੰ ਮਹਿੰਗੀ ਪੈ ਗਈ। ਥੋੜੇ ਦਿਨਾਂ ਦੀ ਚੈਟਿੰਗ ਤੋਂ ਬਾਅਜ ਨੌਜਵਾਨ ਨੇ ਲੜਕੀ ਨੂੰ ਮਿਲਣ ਲਈ ਬੁਲਾ ਲਿਆ। ਪਹਿਲਾਂ ਤਾਂ ਉਸ ਨਾਲ ਬਹੁਤ ਵਧੀਆਂ ਢੰਗ ਨਾਲ ਗੱਲਾ-ਬਾਤਾਂ ਕੀਤੀਆਂ ਪਰ ਬਾਅਦ 'ਚ ਉਹ ਕਰ ਦਿੱਤਾ ਜੋ ਉਸ ਲੜਕੀ ਨੇ ਸੋਚਿਆ ਵੀ ਨਾ ਸੀ। ਲੜਕੇ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਕਤ ਲੜਕੀ ਕੋਲੋਂ ਉਸ ਦਾ ਮੋਬਾਈਲ, ਸੋਨੇ ਦੀਆਂ ਵਾਲੀਆਂ ਤੇ ਹੋਰ ਸਾਮਾਨ ਖੋਹ ਲਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਉਸ ਲੜਕੀ ਨੂੰ ਛੱਡ ਕੇ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਹੈਬੋਵਾਲ ਦੀ ਪੁਲਿਸ ਨੇ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਹਰਗੋਬਿੰਦ ਨਗਰ ਵਾਸੀ ਰਣਜੀਤ, ਰਿਸ਼ੀ ਤੇ ਆਕਾਸ਼ ਵਜੋਂ ਹੋਈ ਹੈ।
ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਰਣਜੀਤ ਨਾਲ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਦੋਸਤੀ ਹੋਈ ਸੀ। ਕਾਫੀ ਸਮਾਂ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ 16 ਜਨਵਰੀ ਨੂੰ ਮਿਲਣ ਦੀ ਸਲਾਹ ਬਣਾਈ ਸੀ, ਜਿਸ ਤੋਂ ਬਾਅਦ ਰਣਜੀਤ ਨੇ ਉਸ ਨੂੰ ਆਪਣੇ ਘਰ ਨਜ਼ਦੀਕ ਬੁਲਾ ਲਿਆ ਸੀ, ਜਦੋਂ ਉਹ ਲੜਕੀ ਉਥੇ ਪੁੱਜੀ ਤਾਂ ਰਣਜੀਤ ਆਪਣੇ ਦੋਸਤ ਰਿਸ਼ੀ ਤੇ ਆਕਾਸ਼ ਨਾਲ ਉਥੇ ਪਹਿਲਾਂ ਤੋਂ ਮੌਜੂਦ ਸਨ।
ਇਸ ਤੋਂ ਬਾਅਦ ਮੁਲਜ਼ਮ ਨੇ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਮੋਟਰਸਾਈਕਲ ਪਿੱਛੇ ਬਿਠਾ ਲਿਆ ਤੇ ਜੱਸੀਆਂ ਪੁਲ਼ ਕੋਲ ਲੈ ਗਿਆ, ਉਥੇ ਮੁਲਜ਼ਮਾਂ ਨੇ ਉਸ ਕੋਲੋਂ ਸਾਮਾਨ ਖੋਹ ਲਿਆ ਤੇ ਉਸ ਨੂੰ ਜਲੰਧਰ ਬਾਈਪਾਸ ਨਜ਼ਦੀਕ ਛੱਡ ਕੇ ਉਥੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।