ਦੋਸਤ ਨੇ ਹੀ ਕੀਤੀ ਪ੍ਰਭਲੀਨ ਦੀ ਹੱਤਿਆ,ਕੈਨੇਡੀਅਨ ਪੁਲਸ ਦਾ ਦਾਅਵਾ

by mediateam

ਸਰੀ ਡੈਸਕ (Vikram Sehajpal) : ਸਰੀ ਵਿਚ ਬੀਤੇ ਵੀਰਵਾਰ (21 ਨਵੰਬਰ) ਨੂੰ ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਪ੍ਰਭਲੀਨ ਮਠਾੜੂ ਦੇ ਕਤਲ ਕੀਤੇ ਜਾਣ ਦੀ ਘਟਨਾ ਕਾਰਨ ਪੰਜਾਬੀ ਭਾਈਚਾਰੇ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ। ਪ੍ਰਭਲੀਨ ਕੌਰ 14 ਨਵੰਬਰ, 2016 ਨੂੰ ਸਟੂਡੈਂਟ ਵੀਜ਼ਾ ਰਾਹੀਂ ਕੈਨੇਡਾ ਆਈ ਸੀ। 


ਉਸ ਨੇ ਵੈਨਕੂਵਰ ਸਥਿਤ ਲੰਗਾਰਾ ਕਾਲਜ ਤੋਂ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕੀਤਾ ਸੀ। ਪ੍ਰਭਲੀਨ ਨੂੰ ਇਸੇ ਵਰ੍ਹੇ ਫ਼ੁਲ–ਟਾਈਮ ਨੌਕਰੀ ਮਿਲੀ ਸੀ, ਉਹ ਇਕ ਸਟੋਰ 'ਤੇ ਕੰਮ ਕਰ ਰਹੀ ਸੀ ਤੇ ਸਰੀ 'ਚ ਆਪਣੇ ਜਾਣਕਾਰਾਂ ਨਾਲ ਕਿਰਾਏ 'ਤੇ ਰਹਿੰਦੀ ਸੀ। 


ਦੱਸ ਦਈਏ ਕਿ ਹੱਤਿਆ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਕੈਨੇਡੀਅਨ ਪੁਲਸ ਦੀ ਈਕਾਈ ਆਈ.ਐੱਚ.ਆਈ.ਟੀ. ਦੇ ਮੀਡੀਆ ਰਿਲੇਸ਼ਨ ਅਫਸਰ ਕਾਂਸਟੇਬਲ ਹੈਰੀਸਨ ਨੇ ਦੱਸਿਆ ਕਿ ਦੋਹਾਂ ਲਾਸ਼ਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਇਕ ਦੀ ਹੱਤਿਆ ਕੀਤੀ ਗਈ ਅਤੇ ਫਿਰ ਕਾਤਲ ਨੇ ਖੁਦਕੁਸ਼ੀ ਕਰ ਲਈ। 


ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਮ੍ਰਿਤਕ ਇਕ-ਦੂਜੇ ਨੂੰ ਜਾਣਦੇ ਸਨ ਅਤੇ ਉਹ ਇਸ ਮਾਮਲੇ ਵਿਚ ਕਿਸੇ ਦੋਸ਼ੀ ਦੀ ਤਲਾਸ਼ ਵਿਚ ਨਹੀਂ ਹਨ। ਜਾਣਕਾਰੀ ਮੁਤਾਬਕ ਪ੍ਰਭਲੀਨ ਦੇ ਪਰਿਵਾਰ ਨੇ ਉਸ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕਰਨ ਦਾ ਫੈਸਲਾ ਲਿਆ ਹੈ।