ਲੁਧਿਆਣਾ : ਲੁਧਿਆਣਾ ਦੇ ਥਾਣਾ ਕੂਮਕਲਾਂ ਦੀ ਪੁਲਿਸ ਨੇ ਮੋਗਾ ਦੇ ਰਹਿਣ ਵਾਲੇ ਦੋ ਟਰੈਵਲ ਏਜੰਟਾਂ ਦੇ ਖ਼ਿਲਾਫ਼ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪਿੰਡ ਗੱਦੋਵਾਲ ਦੀ ਰਹਿਣ ਵਾਲੀ ਰੁਪਿੰਦਰ ਕੌਰ ਦੀ ਸ਼ਿਕਾਇਤ ਤੇ ਕੀਤੀ । 18 ਅਪ੍ਰੈਲ 2024 ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੰਦਿਆਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਸਨੇ ਆਪਣੀ ਅਗਲੀ ਪੜ੍ਹਾਈ ਲਈ ਕੈਨੇਡਾ ਜਾਣਾ ਸੀ । ਇਸੇ ਦੌਰਾਨ ਮੋਗਾ ਦੇ ਸੰਤ ਨਗਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਗਿੱਲ ਅਤੇ ਮੋਗਾ ਦੇ ਗ੍ਰੀਨ ਫੀਲਡ ਦੇ ਵਾਸੀ ਸੰਜੇ ਤਲਵਾੜ ਨੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਅਤੇ ਆਖਿਆ ਕਿ ਬਹੁਤ ਜਲਦੀ ਵੀਜ਼ਾ ਲੱਗ ਜਾਵੇਗਾ।
ਸਾਲ ਦੀ ਸ਼ੁਰੂਆਤ ਵਿੱਚ ਹੋਈ ਇਸ ਡੀਲ ਤੋਂ ਬਾਅਦ ਮੁਲਜ਼ਮਾਂ ਨੇ ਰੁਪਿੰਦਰ ਕੌਰ ਕੋਲੋਂ ਵਿਦੇਸ਼ ਭੇਜਣ ਦੇ ਨਾਮ ਤੇ 12 ਲੱਖ ਰੁਪਏ ਲੈ ਲਏ । ਕਈ ਮਹੀਨੇ ਬੀਤਣ ਦੇ ਬਾਵਜੂਦ ਮੁਲਜਮਾਂ ਨੇ ਨਾ ਤਾਂ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਰਕਮ ਵਾਪਸ ਕੀਤੀ । ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਕੂਮਕਲਾਂ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਦਿੱਤੇ । ਇਸ ਮਾਮਲੇ ਵਿੱਚ ਪੁਲਿਸ ਨੇ ਰੁਪਿੰਦਰ ਕੌਰ ਦੀ ਸ਼ਿਕਾਇਤ ਤੇ ਦਵਿੰਦਰ ਸਿੰਘ ਗਿੱਲ ਅਤੇ ਸੰਜੇ ਤਲਵਾੜ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।